ਝੁਨੀਰ 26 ਨਵੰਬਰ(ਸੰਜੀਵ ਸਿੰਗਲਾ): ਸਿੱਖਿਆ ਵਿਭਾਗ ਦੇ ਤਾਜ਼ਾ ਹੁਕਮਾਂ ਕਿ ਸਰਕਾਰੀ ਸਕੂਲਾਂ ਵਿੱਚ ਵਿਦਿਆਰਥੀਆਂ ਲਈ ਬਣਾਇਆ ਜਾਂਦਾ ਦੁਪਹਿਰ ਦਾ ਖਾਣਾ ਸਿਰਫ ਆਇਰਨ ਪਲੱਸ ਆਇਓਡੀਨ ਨਮਕ ਵਰਤ ਕੇ ਹੀ ਬਣਾਇਆ ਜਾਵੇ ਨੇ ਸਰਕਾਰੀ ਸਕੂਲਾਂ ਦੇ ਮਾਸਟਰਾਂ ਨੂੰ ਉਲਝਣਾਂ ਵਿੱਚ ਪਾ ਦਿੱਤਾ ਹੈ । ਜਿਕਰਯੋਗ ਹੈ ਕਿ ਸਿੱਖਿਆ ਵਿਭਾਗ ਨੇ 01 ਅਕਤੂਬਰ ਨੂੰ ਇੱਕ ਪੱਤਰ ਜ਼ਾਰੀ ਕਰਕੇ ਰਾਜ ਦੇ ਸਮੂਹ ਜ਼ਿਲ੍ਹਾ ਸਿੱਖਿਆ ਅਫ਼ਸਰਾਂ ਨੂੰ ਹੁਕਮ ਕੀਤੇ ਸਨ ਕਿ ਸਕੂਲਾਂ ਵਿੱਚ 21 ਫੀਸਦੀ ਵਿਦਿਆਰਥੀ ਆਇਰਨ ਦੀ ਘਾਟ ਦੇ ਸ਼ਿਕਾਰ ਪਾਏ ਗਏ ਹਨ ਇਸ ਲਈ ਸਕੂਲਾਂ ਦੀਆਂ ਰਸੋਈਆਂ ਵਿੱਚ ਬਣ ਰਹੇ ਖਾਣੇ ਵਿੱਚ ਆਇਰਨ ਅਤੇ ਆਇਓਡੀਨ ਯੁਕਤ ਨਮਕ ਵਰਤਣਾ ਯਕੀਨੀ ਬਣਾਇਆ ਜਾਵੇ । ਜ਼ਿਲ੍ਹਾ ਸਿੱਖਿਆ ਦਫ਼ਤਰਾਂ ਨੇ ਸਰਕਾਰੀ ਹੁਕਮਾਂ ਦੀ ਤਲੀਮ ਕਰਦਿਆਂ ਸਮੂਹ ਸਕੂਲ ਮੁਖੀਆਂ ਨੂੰ ਆਇਰਨ ਅਤੇ ਆਇਓਡੀਨ ਯੁਕਤ ਨਮਕ ਵਰਤਣ ਦੇ ਫੁਰਮਾਨ ਕੀਤੇ । ਹੁਣ ਸਮੱਸਿਆ ਇਹ ਹੈ ਕਿ ਇਸ ਤਰ੍ਹਾਂ ਦੀਆਂ ਖੂਬੀਆਂ ਵਾਲਾ ਨਮਕ ਬਜ਼ਾਰ ਵਿੱਚ ਮਿਲਦਾ ਹੀ ਨਹੀਂ ਹੈ । ਜਿਹੜਾ ਥੋੜਾ ਬਹੁਤਾ ਮਿਲਦਾ ਵੀ ਹੈ ਉਹ ਵੀ ਸਿਰਫ਼ ਇੱਕ ਕੰਪਨੀ ਟਾਟਾ ਦਾ ਟਾਟਾ ਸਾਲਟ ਪਲੱਸ ਆਇਰਨ ਪਲੱਸ ਆਇਓਡੀਨ ਹੈ ਜਿਸ ਦੀ ਬਜ਼ਾਰੂ ਕੀਮਤ ਆਮ ਨਾਲੋਂ ਪੰਜ ਰੁਪੈ ਵੱਧ ਹੈ । ਆਮ ਗਾਹਕਾਂ ਵਿੱਚ ਇਸਦੀ ਮੰਗ ਨਾ ਹੋਣ ਕਾਰਨ ਇਸ ਦੀ ਉਪਲਬਧਤਾ ਖੀ ਔਖੀ ਹੈ । ਅਧਿਆਪਕਾਂ ਨੇ ਦੱਸਿਆ ਕਿ ਦੂਸਰੀ ਸਮੱਸਿਆ ਇਹ ਹੈ ਕਿ ਇਹ ਨਮਕ ਜਦੋਂ ਦਾਲ-ਸਬਜ਼ੀ ਵਿੱਚ ਪਾਇਆ ਜਾਂਦਾ ਹੈ ਤਾਂ ਦਾਲ-ਸਬਜ਼ੀ ਦਾ ਰੰਗ ਕਾਲਾ ਹੋ ਜਾਂਦਾ ਹੈ । ਇਸ ਤਰ੍ਹਾਂ ਦਾ ਕਾਲੇ ਰੰਗ ਵਾਲਾ ਖਾਣਾ ਬੱਚੇ ਖਾ ਹੀ ਨਹੀਂ ਰਹੇ । ਇੱਕ ਅਧਿਆਪਕ ਨੇ ਦੱਸਿਆ ਇੱਕ ਪਾਸੇ ਨਾ ਤਾਂ ਨਮਕ ਮਿਲਦਾ ਹੈ ਅਤੇ ਨਾ ਹੀ ਕਾਲੇ ਰੰਗ ਦਾ ਖਾਣਾ ਖਾਣ ਲਈ ਬੱਚੇ ਤਿਆਰ ਹਨ ਅਤੇ ਦੂਸਰੇ ਪਾਸੇ ਦਫ਼ਤਰ ਵਾਲੇ ਚੈਕਿੰਗ ਕਰਕੇ ਕਾਰਵਾਈ ਕਰਨ ਦੀਆਂ ਧਮਕੀਆਂ ਦੇ ਰਹੇ ਹਨ । ਅਸੀਂ ਤਾਂ ਹੁਣ ਦੋ-ਦੋ ਟਾਟਾ ਨਮਕ ਦੇ ਪੈਕਟ ਰਸੋਈਆਂ ਵਿੱਚ ਵਿਖਾਵੇ ਲਈ ਰੱਖੇ ਹੋਏ ਹਨ ਕਿ ਨਾਲੇ ਤਾਂ ਸੱਪ ਮਰ ਜਾਵੇ ਅਤੇ ਨਾਲੇ ਸੋਟੀ ਸਲਾਮਤ ਰਹੇ । ਇਕ ਕਰਿਆਨੇ ਵਾਲੇ ਨੇ ਦੱਸਿਆ ਅਸੀਂ ਅਧਿਆਪਕਾਂ ਦੀ ਵਿਸ਼ੇਸ਼ ਮੰਗ ’ਤੇ ਟਾਟਾਂ ਕੰਪਨੀ ਦਾ ਨਮਕ ਮੰਗਵਾਇਆ ਹੈ ਪਰ ਮੰਗ ਅਨੁਸਾਰ ਪੂਰਤੀ ਨਹੀਂ ਹੋ ਰਹੀ । ਹਰ ਇੱਕ ਸਕੂਲ ਨੂੰ ਇੱਕ ਦੋ ਥੈਲੀਆਂ ਦੇ ਕੇ ਡੰਗ ਸਾਰ ਰਹੇ ਹਾਂ।


Post a Comment