ਲੋਕਾਂ ਦੇ ਘਰਾਂ ਦਾ ਸਿੰਗਾਰ ਬਣੇ ਰਹੇ ਨੇ ਦੇਸੀ ਗੀਜ਼ਰ
ਝੁਨੀਰ 26 ਨਵੰਬਰ(ਸੰਜੀਵ ਸਿੰਗਲਾ): ਬਿਜਲੀ ਦੀ ਮਹਿੰਗਾਈ ਅਤੇ ਗੈਸ ਦੀ ਥੁੜ ਨੇ ਸਰਦੀ ਸ਼ੁਰੂ ਹੁੰਦਿਆਂ ਹੀ ਲੋਕਾਂ ਨੂੰ ਗਰਮ ਪਾਣੀ ਦੇ ਫ਼ਿਕਰੀ ਪਾ ਦਿੱਤਾ ਹੇੈ। ਤਿੰਨ ਮਹੀਨੇ ਦੀ ਇਸ ਸਮੱਸਿਆ ਦੇ ਹੱਲ ਲਈ ਲੋਕਾਂ ਨੇ ਹੁਣੇ ਤੋਂ ਹੀ ਆਪਣੇ ਜੁਗਾੜ ਲਾਉਂਣੇ ਸ਼ੁਰੂ ਕਰ ਦਿੱਤੇ ਹਨ । ਜਿੱਥੇ ਪੇਂਡੂ ਲੋਕਾਂ ਨੇ ਸਰਦੀ ਵਿੱਚ ਨਹਾਉਂਣ ਧੋਣ ਦੇ ਕੰਮਾਂ ਲਈ ਵਰਤੇ ਜਾਂਦੇ ਗਰਮ ਪਾਣੀ ਲਈ ਚੁੱਲ੍ਹੇ ਚੁਰਾਂ ਦੇ ਨਾਲ-ਨਾਲ ਦੇਸੀ ਕਿਸਮ ਦੇ ਲੋਹੇ ਵਾਲੇ ਗੀਜ਼ਰਾਂ ਦੀ ਖਰੀਦੋ ਫਰੋਖਤ ਸ਼ੁਰੂ ਕਰ ਦਿੱਤੀ ਹੈ ਉੱਥੇ ਹੀ ਸ਼ਹਿਰੀਆਂ ਨੇ ਵੀ ਇਸ ਵਾਰ ਬਿਜਲੀ ਅਤੇ ਗੈਸ ਵਾਲੇ ਗੀਜ਼ਰਾਂ ਤੋਂ ਕਿਨਾਰਾ ਕਰਦੇ ਹੋਏ ਇਨ੍ਹਾਂ ਦੇਸੀ ਗੀਜ਼ਰਾਂ ਦਾ ਹੀ ਪੱਲਾ ਫੜਿਆ ਹੈ । ਸਰਦੂਲਗੜ੍ਹ ਬਜ਼ਾਰ ਵਿੱਚ ਬਣੇ ਬਣਾਏ ਦੇਸੀ ਗੀਜ਼ਰ ਲਿਆ ਕੇ ਵੇਚਣ ਵਾਲੇ ਮਨਜੀਤ ਸਿੰਘ ਮਿਸਤਰੀ ਨੇ ਕਿਹਾ ਕਿ ਮੈਂ ਉਂਝ ਤਾਂ ਟੁੱਟ ਫੁੱਟ ਦੀ ਮੁਰੰਮਤ ਦਾ ਕੰਮ ਹੀ ਕਰਦਾ ਹਾਂ ਪਰ ਚੰਗੀ ਮੰਗ ਨੂੰ ਦੇਖਦਿਆਂ ਐਤਕੀਂ ਮੈਂ ਵੀ 50 ਦੇ ਕਰੀਬ ਦੇਸੀ ਗੀਜ਼ਰ ਮੰਗਵਾਏ ਨੇ । ਉਸਨੇ ਦੱਸਿਆ ਹਰ ਰੋਜ਼ ਕੋਈ ਨਾ ਕੋਈ ਗਾਹਕ ਆ ਰਿਹਾ ਹੈ । ਪੇਂਡੂ ਲੋਕਾਂ ਦੇ ਨਾਲ -ਨਾਲ ਇਸ ਵਾਰ ਸ਼ਹਿਰੀ ਗਾਹਕ ਵੀ ਆ ਰਹੇ ਹਨ । ਉਸਨੇ ਦੱਸਿਆ ਸਰਦੂਲਗੜ੍ਹ ਸ਼ਹਿਰ ਵਿੱਚ ਵੀਹ ਦੇ ਕਰੀਬ ਦੁਕਾਨਦਾਰ ਦੇਸੀ ਗੀਜ਼ਰ ਵੇਚਣ ਦਾ ਕੰਮ ਕਰਦੇ ਹਨ । ਸਰਦੂਲਗੜ੍ਹ ਨਿਵਾਸੀ ਪਵਨ ਕੁਮਾਰ ਜਿਸਨੇ ਇਸ ਵਾਰ ਗੈਸ ਅਤੇ ਬਿਜਲੀ ਵਾਲੇ ਗੀਜ਼ਰ ਦੀ ਥਾਂ ਦੇਸੀ ਗੀਜ਼ਰ ਖਰੀਦਿਆ ਹੈ, ਨੇ ਦੱਸਿਆ ਬਿਜਲੀ ਪਹਿਲਾਂ ਹੀ ਬਹੁਤ ਮਹਿੰਗੀ ਸੀ ਪਰ ਹੁਣ ਗੈਸ ਵੀ ਨੌਂ ਸੌ ਦੇ ਕਰੀਬ ਹੋ ਗਈ ਹੈ । ਸਾਲ ਭਰ ਵਿੱਚ ਸਿਲੰਡਰਾਂ ਦੀ ਗਿਣਤੀ ਮਿਥਣ ਕਰਕੇ ਆਮ ਘਰਾਂ ਦਾ ਕਾਪੀਆਂ ਵਾਲੇ ਸਿਲੰਡਰਾਂ ਨਾਲ ਉਂਝ ਵੀ ਪੂਰਾ ਨਹੀਂ ਪੈ ਰਿਹਾ ।ਇਸੇ ਲਈ ਇਸ ਵਾਰ ਘਰੇਲੂ ਲੋੜਾਂ ਲਈ ਦੇਸੀ ਗੀਜ਼ਰ ਮੰਗਵਾਇਆ ਹੈ । ਫੱਤਾ ਮਾਲੋਕਾ ਦੇ ਮਿਸਤਰੀ ਬੂਟਾ ਸਿੰਘ ਨੇ ਦੱਸਿਆ ਦੇਸੀ ਕਿਸਮ ਦਾ ਇਹ ਗੀਜ਼ਰ ਦੂਸਰੇ ਗੀਜ਼ਰਾਂ ਤੋਂ ਕਾਫ਼ੀ ਲਾਹੇਬੰਦ ਅਤੇ ਸਸਤਾ ਹੈ। ਪਿੰਡਾਂ ਵਿੱਚ ਆਮ ਮਿਲਦੇ ਲੱਕੜੀ ਬਾਲਣ ਕਾਰਨ ਇਹ ਸੌਦਾ ਲੋਕਾਂ ਲਈ ਮੁਫ਼ਤ ਵਾਲਾ ਹੀ ਹੈ । 30 ਲਿਟਰ ਸਮਰੱਥਾ ਵਾਲਾ ਚੰਗੀ ਕਿਸਮ ਦਾ ਦੇਸੀ ਗੀਜ਼ਰ 1800 ਸੌ ਦਾ ਅਤੇ ਸਧਾਰਨ ਕਿਸਮ ਦਾ ਸਿਰਫ਼ 900 ਰੁਪੈ ਵਿੱਚ ਮਿਲ ਜਾਂਦਾ ਹੈ। 35 ਲਿਟਰ ਸਮਰੱਥਾ ਵਾਲਾ 2200 ਸੌ ਅਤੇ 1100 ਸੌ ਦਾ ,40 ਲਿਟਰ ਵਾਲਾ 2400 ਸੌ ਅਤੇ 1200 ਸੌ ਦਾ ਅਤੇ 50 ਲਿਟਰ ਵਾਲਾ ਚੰਗਾ ਗੀਜ਼ਰ 25 ਸੌ ਦਾ ਮਿਲਦਾ ਹੈ । ਚੰਗੀ ਸੰਭਾਲ ਹੋਵੇ ਅਤੇ ਵਾਟਰ ਵਰਕਸ ਦਾ ਪਾਣੀ ਵਰਤਿਆ ਜਾਵੇ ਤਾਂ ਇਹ ਗੀਜ਼ਰ ਪੰਜ ਸਾਲ ਅਰਾਮ ਨਾਲ ਹੀ ਕੱਟ ਜਾਂਦਾ ਹੈ । ਦੇਸੀ ਗੀਜ਼ਰਾਂ ਦੀ ਟੁੱਟ ਭੱਜ ਅਤੇ ਮੁਰੰਮਤ ਦਾ ਖ਼ਰਚਾ ਨਾ ਮਾਤਰ ਹੈ । ਇਸ ਦੇ ਉਲਟ ਗੈਸ ਵਾਲੇ ਅਤੇ ਬਿਜਲੀ ਵਾਲੇ ਗੀਜ਼ਰ ਕਾਫ਼ੀ ਮਹਿੰਗੇ ਅਤੇ ਖ਼ਤਰਨਾਕ ਹਨ ।ਇਨ੍ਹਾ ਦੀ ਕੀਮਤ ਦੇਸੀ ਗੀਜ਼ਰਾਂ ਤੋਂ ਦੁੱਗਣੀ ਹੈ । ਇਨ੍ਹਾਂ ਦੀ ਸਾਂਭ ਸੰਭਾਲ ਵੀ ਔਖੀ ਹੈ । ਵਰਤੋਂ ਤੋਂ ਪਹਿਲਾਂ ਹਰ ਸਾਲ ਇਨ੍ਹਾਂ ਦੀ ਮੁਰੰਮਤ ਅਤੇ ਸਾਫ਼ ਸਫ਼ਾਈ ਕਿਸੇ ਮਾਹਰ ਤੋਂ ਕਰਵਾਉਂਣਾ ਜ਼ਰੂਰੀ ਹੈ । ਪਿੰਡ ਖਿਆਲਾ ਦੀ ਗੁਰਮੀਤ ਕੌਰ ਨੇ ਦੱਸਿਆ ਅਸੀਂ ਜਦੋਂ ਤੋਂ ਇਹ ਦੇਸੀ ਗੀਜ਼ਰ ਲਿਆਂਦਾ ਹੈ ਉਸ ਦਿਨ ਤੋਂ ਪਾਣੀ ਗਰਮ ਵਾਲਾ ਝੰਜਟ ਹੀ ਖ਼ਤਮ ਹੋ ਗਿਆ ਹੈ । ਦੋ ਪਾਥੀਆਂ ਜਾਂ ਫਿਰ ਚਾਰ ਛਟੀਆਂ ਨਾਲ ਪਾਣੀ ਅੱਗ ਵਰਗਾ ਹੋ ਜਾਂਦਾ ਹੈ । ਸਾਡੇ ਕਿਸਾਨਾਂ ਦੇ ਘਰਾਂ ਵਿੱਚ ਲੱਕੜ ਤਿੰਬੜ ਦਾ ਤਾਂ ਉਂਝ ਵੀ ਘਾਟਾ ਨਹੀਂ ਹੁੰਦਾ । ਇਹ ਗੀਜ਼ਰ ਸਾਡੇ ਪੇਂਡੂਆਂ ਲਈ ਬਹੁਤ ਹੀ ਫ਼ਾਇਦੇ ਵਾਲੀ ਚੀਜ਼ ਹੈ । ਰਾਮਾਨੰਦੀ ਪਿੰਡ ਦੀ ਘਰੇਲੂ ਔਰਤ ਮਨਜੀਤ ਕੌਰ ਨੇ ਦੱਸਿਆ ਦੇਸੀ ਗੀਜ਼ਰ ਚਲਾਉਣਾ ਅਤੇ ਥਾਂ ਬਦਲੀ ਕਰਨਾ ਵੀ ਸੌਖਾ ਹੈ । ਸਾਨੂੰ ਜਿਥੇ ਵੀ ਇਸਦੀ ਲੋੜ ਲੱਗਦੀ ਹੈ ਚੁੱਕ ਕੇ ਉੱਥੇ ਹੀ ਰੱਖ ਲੈਂਦੇ ਹਾਂ । ਜਟਾਣਾ ਖੁਰਦ ਦੇ ਅਵਤਾਰ ਸਿੰਘ ਨੇ ਦੱਸਿਆ ਪਿੰਡਾਂ ਦੀਆਂ ਅਨਪੜ੍ਹ ਔਰਤਾਂ ਲਈ ਗੈਸ ਗੀਜ਼ਰ ਅਤੇ ਬਿਜਲੀ ਵਾਲਾ ਗੀਜਰ ਬਾਲਣਾ ਉਂਝ ਵੀ ਖ਼ਤਰਨਾਕ ਹੈ । ਹੁਣ ਤੱਕ ਕਿੰਨੇ ਹੀ ਹਾਦਸੇ ਵਾਪਰ ਚੁੱਕੇ ਹਨ । ਕਈ ਥਾਵੇਂ ਤਾਂ ਬੱਚੇ ਅਤੇ ਬਜ਼ੁਰਗ ਬਿਜਲੀ ਨਾਲ ਲੱਗ ਕੇ ਮੌਤ ਦੇ ਮੂੰਹ ਜਾ ਪਏ ਹਨ ਅਤੇ ਕਿੰਨੇ ਹੀ ਥਾਵੇਂ ਗੈਸ ਗੀਜ਼ਰ ਦੀ ਗੈਸ ਚੜ੍ਹਨ ਨਾਲ ਗੁਸਲਖਾਨਿਆ ਵਿੱਚ ਵੜੇ ਲੋਕ ਬੇਹੋਸ ਹੋਏ ਹਨ । ਇਨ੍ਹਾਂ ਵਿਗਿਆਨਿਕ ਉਪਕਰਨਾ ਦੀ ਸਾਂਭ ਸੰਭਾਲ ਵੀ ਮਹਿੰਗੀ ਹੈ । ਹਰ ਸਾਲ ਪੰਜ ਸੱਤ ਸੌ ਸਾਫ ਸਫਾਈ ’ਤੇ ਹੀ ਲੱਗ ਜਾਂਦੇ ਹਨ ।


Post a Comment