ਲੌਗੋਵਾਲ, 21 ਨਵੰਬਰ (ਸੂਰਜ ਭਾਨ ਗੋਇਲ)-ਸਿੱਖ ਕੌਮ ਦੀ ਮਹਾਨ ਸ਼ਖਸ਼ੀਅਤ ਸ਼ਰੋਮਣੀ ਭਗਤ ਬਾਬਾ ਸੈਣ ਜੀ ਅਤੇ ਅਮਰ ਸ਼ਹੀਦ ਬਾਬਾ ਸਾਹਿਬ ਸਿੰਘ ਜੀ (ਪੰਜ ਪਿਆਰੇ) ਦੇ ਜਨਮ ਦਿਹਾੜਿਆਂ ਨੂੰ ਸਮਰਪਿਤ ਵਿਸ਼ਾਲ ਰਾਜ ਪੱਧਰੀ ਸਮਾਗਮ ਸਥਾਨਕ ਦੇਹੁਰਾ ਬਾਬਾ ਸੈਣ ਭਗਤ ਜੀ ਵਿਖੇ ਸੈਣ ਸਮਾਜ ਪੰਜਾਬ ਅਤੇ ਸੈਣ ਸਭਾ ਲੌਂਗੋਵਾਲ ਵੱਲੋਂ ਸਾਂਝੇ ਤੌਰ 'ਤੇ ਕਰਵਾਇਆ ਗਿਆ । ਸਮਾਗਮ ਵਿੱਚ ਮੁੱਖ ਮਹਿਮਾਨ ਦੇ ਤੌਰ 'ਤੇ ਖਜ਼ਾਨਾ ਮੰਤਰੀ ਸ. ਪਰਮਿੰਦਰ ਸਿੰਘ ਢੀਂਡਸਾ ਹਾਜ਼ਰ ਹੋਏ। ਹੀਰਾ ਸਿੰਘ ਗਾਬੜੀਆ ਸਾਬਕਾ ਮੰਤਰੀ, ਭਾਈ ਗੋਬਿੰਦ ਸਿੰਘ ਲੌਂਗੋਵਾਲ ਦੀ ਪ੍ਰਧਾਨਗੀ ਹੇਠ ਹੋਏ ਇਸ ਸਮਾਗਮ ਵਿੱਚ ਵਿਸ਼ੇਸ਼ ਮਹਿਮਾਨ ਵਜੋਂ ਜਸਵੀਰ ਸਿੰਘ ਸਾਬਕਾ ਮੰਤਰੀ, ਦਰਬਾਰਾ ਸਿੰਘ ਗੁਰੂ ਹਲਕਾ ਇੰਚਾਰਜ ਭਦੌੜ, ਬਿਕਰਮਜੀਤ ਸਿੰਘ ਖਾਲਸਾ ਸਾਬਕਾ ਸੰਸਦੀ ਸਕੱਤਰ, ਅਮਨਵੀਰ ਸਿੰਘ ਚੈਰੀ ਪ੍ਰਧਾਨ ਪੰਜਾਬ ਹੈਂਡਬਾਲ ਐਸ਼ੋਸ਼ੀਏਸ਼ਨ, ਰਾਮਪਾਲ ਸਿੰਘ ਬਹਿਣੀਵਾਲ ਅੰਤ੍ਰਿਗ ਮੈਂਬਰ ਸ਼੍ਰੋਮਣੀ ਕਮੇਟੀ ਨੇ ਸ਼ਿਰਕਤ ਕੀਤੀ। ਸੈਣ ਸਮਾਜ ਪੰਜਾਬ ਦੇ ਪ੍ਰਧਾਨ ਨਰਿੰਦਰ ਸਿੰਘ ਸੇਖਵਾਂ ਨੇ ਸਮੂਹ ਆਏ ਮਹਿਮਾਨਾਂ ਦਾ ਸਵਾਗਤ ਕੀਤਾ। ਮੁੱਖ ਮਹਿਮਾਨ ਸ. ਪਰਮਿੰਦਰ ਸਿੰਘ ਢੀਂਡਸਾ ਨੇ ਬਾਬਾ ਸੈਣ ਜੀ ਅਤੇ ਬਾਬਾ ਸਾਹਿਬ ਸਿੰਘ ਜੀ ਦੀਆਂ ਸਮਾਜ ਨੂੰ ਦਿਤੀਆ ਸੇਧਾਂ ਤੋਂ ਪ੍ਰੇਰਣਾ ਲੈਣ ਬਾਰੇ ਕਿਹਾ। ਉਹਨਾਂ ਅੱਗੇ ਕਿਹਾ ਕਿ ਭਗਤ ਸੈਣ ਜੀ ਨੇ ਲੋਕਾਈ ਨੂੰ ਤਾਰਨ ਹਿੱਤ ਵਡਮੁੱਲੇ ਉਪਰਾਲੇ ਕੀਤੇ, ਜਿਸ ਸਦਕਾ ਅੱਜ ਅਸੀ ਇੱਕ ਚੰਗਾ ਸਮਾਜ ਸਿਰਜਣ ਦੇ ਵੱਲ ਵੱਧ ਰਹੇ ਹਾਂ । ਭਗਤ ਸੈਣ ਜੀ ਦੀਆਂ ਸਿੱਖਿਆਵਾਂ ਅਕਾਲ ਪੁਰਖ ਦੇ ਪ੍ਰੇਮ ਨੂੰ ਪ੍ਰਾਪਤ ਕਰਨ ਦਾ ਨਿਰਮਲ ਢੰਗ ਦੱਸਦੀਆਂ ਹੋਈਆਂ ਸਾਨੁੰ ਧਾਰਮਿਕ ਵਹਿਮਾਂ ਭਰਮਾਂ ਤੋਂ ਮੁਕਤ ਹੋਣ ਦਾ ਸੱਦਾ ਦਿੰਦੀਆ ਹਨ। ਉਹਨਾਂ ਦੀ ਗੁਰੂ ਗ੍ਰੰਥ ਸਾਹਿਬ ਵਿੱਚ ਦਰਜ ਬਾਣੀ ਸਾਨੂੰ ਸਭ ਨੂੰ ਇੱਕ ਪਰਮਾਤਮਾ ਦੀ ਬੰਦਗੀ ਕਰਨ 'ਤੇ ਜੋਰ ਦਿੰਦੀ ਹੋਈ ਨਿਰਮਲ ਕਰਮ ਕਰਨ ਦੀ ਸਿਖਿਆ ਦਿੰਦੀ ਹੈ। ਸ. ਢੀਂਡਸਾ ਨੇ ਇਸ ਤੋਂ ਇਲਾਵਾ ਬਾਬਾ ਸਾਹਿਬ ਸਿੰਘ ਜੀ ਦੀ ਵਡਮੁੱਲੀ ਦੇਣ ਬਾਰੇ ਵੀ ਆਪਣੇ ਕੀਮਤੀ ਵਿਚਾਰ ਸਾਝੇ ਕਰਦਿਆਂ ਸਾਨੂੰ ਉਹਨਾਂ ਦੇ ਉਪਦੇਸ਼ਾਂ ਅਨੁਸਾਰ ਚੱਲਣ ਲਈ ਕਿਹਾ। ਉਹਨਾਂ ਸੈਣ ਸਮਾਜ ਵੱਲੋਂ ਰੱਖੀਆਂ ਗਈਆਂ ਕੁੱਝ ਵਿਸ਼ੇਸ਼ ਮੰਗਾਂ ਨੂੰ ਮੁੱਖ ਮੰਤਰੀ ਪੰਜਾਬ ਨਾਲ ਤੁਰੰਤ ਹੱਲ ਕਰਨ ਦਾ ਭਰੌਸਾ ਦਿਵਾਇਆ ਅਤੇ ਭਗਤ ਸੈਣ ਜੀ ਦੇ ਨਾਂ ਉੱਪਰ ਦੀਵਾਨ ਹਾਲ ਦੀ ਉਸਾਰੀ ਬਾਰੇ ਐਲਾਨ ਕੀਤਾ। ਸ. ਹੀਰਾ ਸਿੰਘ ਗਾਬੜੀਆ, ਸ. ਜਸਵੀਰ ਸਿੰਘ ਸੰਗਰੂਰ ਸਾਬਕਾ ਮੰਤਰੀ ਤੇ ਭਾਈ ਗੋਬਿੰਦ ਸਿੰਘ ਲੌਂਗੋਵਾਲ ਨੇ ਭਗਤ ਜੀ ਦੇ ਜੀਵਨ ਅਤੇ ਫਲਸਫੇ ਸਬੰਧੀ ਵਿਸਥਾਰ ਪੂਰਵਕ ਚਨਣਾ ਪਾਉਂਦਿਆ ਸੈਣ ਸਭਾ ਲੌਂਗੋਵਾਲ ਅਤੇ ਸੈਣ ਸਮਾਜ ਪੰਜਾਬ ਦੇ ਇਸ ਪ੍ਰਭਾਵਸ਼ਾਲੀ ਉਪਰਾਲੇ ਦੀ ਸਲਾਘਾ ਕੀਤੀ। ਇਸ ਮੌਕੇ ਸੈਣ ਸਮਾਜ ਪੰਜਾਬ ਦੇ ਚੇਅਰਮੈਨ ਨੰਬਰਦਾਰ ਮਨਜੀਤ ਸਿੰਘ ਸ਼ਿਮਲਾਪੁਰੀ ਨੇ ਸਮੂਹ ਮਹਿਮਾਨਾਂ ਅਤੇ ਸੰਗਤਾਂ ਦਾ ਧੰਨਵਾਦ ਕੀਤਾ ਅਤੇ ਇਸ ਸਮਾਗਮ ਨੂੰ ਹਰ ਸਾਲ ਪੰਜਾਬ ਪੱਧਰ ਤੇ ਮਨਾਉਣ ਦਾ ਫੇਸਲਾ ਲਿਆ। ਸਮਾਗਮ ਦੌਰਾਨ ਸਟੇਜ ਸੰਚਾਲਨ ਦੀ ਭੁਮਿਕਾ ਜਸਵੰਤ ਸਿੰਘ ਜਰਗ ਸਕੱਤਰ ਅਤੇ ਸੁਖਬੀਰ ਸਿੰਘ ਬੱਧਨੀ ਕਲਾਂ ਨੇ ਬਾਖੁਬੀ ਨਿਭਾਈ। ਇਸ ਸਮਾਗਮ ਵਿੱਚ ਵਿਸ਼ੇਸ਼ ਤੌਰ 'ਤੇ ਜਥੇਦਾਰ ਉਦੈ ਸਿੰਘ ਮੈਂਬਰ ਸ਼ਰੋਮਣੀ ਕਮੇਟੀ, ਜਥੇਦਾਰ ਤੇਜਾ ਸਿੰਘ ਪ੍ਰਧਾਨ ਸੈਣ ਸਭਾ ਲੌਂਗੋਵਾਲ ਆਦਿ ਹਾਜਰ ਸਨ ।
ਲੌਂਗੋਵਾਲ ਵਿਖੇ ਸ਼ਰੋਮਣੀ ਭਗਤ ਬਾਬਾ ਸੈਣ ਜੀ ਅਤੇ ਅਮਰ ਸ਼ਹੀਦ ਬਾਬਾ ਸਾਹਿਬ ਸਿੰਘ ਜੀ ਦੇ ਜਨਮ ਦਿਹਾੜਿਆਂ ਨੂੰ ਸਮਰਪਿਤ ਵਿਸ਼ਾਲ ਰਾਜ ਪੱਧਰੀ ਸਮਾਗਮ ਦੀਆਂ ਝਲਕੀਆਂ।


Post a Comment