ਨਾਭਾ, 3 ਨਵੰਬਰ (ਜਸਬੀਰ ਸਿੰਘ ਸੇਠੀ) - ਅੱਜ ਇੱਥੇ ਐਫ.ਸੀ.ਆਈ. ਵਿੱਚ ਕੰਮ ਕਰਦੀਆਂ ਜਥੇਬੰਦੀਆਂ ਸੀਟੂ, ਏਟਕ, ਆਜਾਦ ਯੂਨੀਅਨਾਂ ਨਾਲ ਸਬੰਧਤ ਕਿਰਤੀਆਂ ਦੀ ਇਕ ਵਿਸ਼ਾਲ ਮੀਟਿੰਗ ਸਰਵ ਸਾਥੀ ਦਰਸਨ ਸਿੰਘ ਲੱਧਾਹੇੜੀ, ਬਲਵੀਰ ਸਿੰਘ ਬਰਾਜ, ਨੰਦ ਸਿੰਘ ਰੋਹਟੀ ਦੀ ਪ੍ਰਧਾਨਗੀ ਹੇਠ ਕੀਤੀ ਗਈ। ਮੀਟਿੰਗ ਨੂੰ ਸੰਬੋਧਨ ਕਰਦਿਆਂ ਲਾਲ ਝੰਡਾ ਐਫ.ਸੀ.ਆਈ. ਵਰਕਰਜ਼ ਅਤੇ ਪੱਲੇਦਾਰ ਯੂਨੀਅਨ ਦੇ ਸੂਬਾ ਜਨਰਲ ਸਕੱਤਰ ਸਾਥੀ ਅਮਰਨਾਥ ਕੂੰਮਕਲਾਂ ਨੇ ਕੇਂਦਰ ਸਰਕਾਰ ਅਤੇ ਪੰਜਾਬ ਸਰਕਾਰ ਦੀਆਂ ਮਜਦੂਰ ਵਿਰੋਧੀ ਨੀਤੀਆਂ ਬਾਰੇ ਵਿਆਖਿਆ ਕਰਦਿਆਂ ਕਿਹਾ ਕਿ 65 ਸਾਲ ਦੀ ਆਜਾਦੀ ਤੋਂ ਬਾਅਦ ਮਜਦੂਰਾਂ ਨੂੰ ਬਣੇ ਕਿਰਤ ਕਾਨੂੰਨਾਂ ਨੂੰ ਲਾਗੂ ਕਰਾਉਣ ਲਈ ਸੰਘਰਸ਼ ਕਰਨਾ ਪੈ ਰਿਹਾ ਹੈ ਅਤੇ ਸਮੇਂ ਸਮੇਂ ਦੀਆਂ ਸਰਕਾਰਾਂ ਕਾਨੂੰਨਾਂ ਦੀਆਂ ਧੱਜੀਆਂ ਉਡਾ ਰਹੇ ਹਨ। ਜਿਸ ਦੀ ਤਾਜ਼ਾ ਮਿਸਾਲ ਪੰਜਾਬ ਦੇ ਲੇਬਰ ਮਹਿਕਮੇ ਵੱਲੋਂ ਘੱਟੋ ਘੱਟ ਉਜਰਤਾਂ ਵਿੱਚ ਕੀਤੇ ਵਾਧੇ ਦਾ ਨੋਟੀਫਿਕੇਸਨ 30 ਮਈ ਨੂੰ ਕੀਤਾ ਗਿਆ, ਜਿਸ ਵਿੱਚ ਅਣਸਿਖਿਅਤ ਮਜਦੂਰ ਨੂੰ 5200 ਰੁਪਏ ਅਰਧ ਸਿਖਿਅਤ ਮਜਦੂਰ ਨੂੰ 6000 ਰੁਪਏ ਸਿਖਿਅਤ ਮਜਦੂਰ ਨੂੰ 7200 ਰੁਪਏ ਪੂਰਾ ਸਿਖਿਅਤ ਮਜਦੂਰ ਨੂੰ 8700 ਰੁਪਏ ਪ੍ਰਤੀ ਮਹੀਨਾ ਦੇਣਾ ਕੀਤਾ ਹੈ, ਜਿਸਨੂੰ ਠੇਕੇਦਾਰਾਂ, ਭੱਠਾ ਮਾਲਕਾਂ, ਮਿੱਲ ਮਾਲਕਾਂ ਨਾਲ ਮਿਲੀ ਭੁਗਤ ਕਰਕੇ ਠੰਡੇ ਬਸਤੇ ਵਿੱਚ ਪਾ ਦਿੱਤਾ ਹੈ। ਉਨ੍ਹਾਂ ਨੋਟੀਫਿਕੇਸ਼ਨ ਨੂੰ ਲਾਗੂ ਕਰਾਉਣ ਲਈ ਠੇਕੇਦਾਰੀ ਸਿਸਟਮ ਖਤਮ ਕਰਾਉਣ ਲਈ, ਕੱਚੇ ਵਰਕਰਾਂ ਨੂੰ ਪੱਕੇ ਕਰਾਉਣ ਲਈ, ਕਿਰਤ ਕਾਨੂੰਨ ਲਾਗੂ ਕਰਾਉਣ ਲਈ 4 ਨਵੰਬਰ ਦੀ ਹੱਲਾ ਬੋਲ ਰੈਲੀ ਵਿੱਚ ਸਮੂਲੀਅਤ ਕਰਨ ਦੀ ਅਪੀਲ ਕੀਤੀ। ਬਾਅਦ ਵਿਚ ਜਥੇਬੰਦੀਆਂ ਦੇ ਆਗੂਆਂ ਨੇ ਹੱਲਾ ਬੋਲ ਰੈਲੀ ਵਿੱਚ ਵਧ ਚੜ੍ਹਕੇ ਸਾਮਲ ਹੋਣ ਦਾ ਭਰੋਸਾ ਦਿੱਤਾ। ਮੀਟਿੰਗ ਵਿੱਚ ਸੈਂਕੜੇ ਵਰਕਰਾਂ ਤੋਂ ਇਲਾਵਾ ਗੁਰਪ੍ਰੀਤ ਸਿੰਘ, ਬਾਬੂ ਰਾਮ ਪ੍ਰਧਾਨ ਐਫ.ਸੀ.ਆਈ. ਕਲਾਸ ਫੋਰ ਯੂਨੀਅਨ ਨਾਭਾ, ਜੱਗਾ ਸਿੰਘ, ਜਗਤ ਸਿੰਘ ਛੀਟਾਂਵਾਲਾ, ਸੂਬਾਈ ਆਗੂ ਬੰਤ ਸਿੰਘ ਭੋੜੇ ਆਦਿ ਵਿਸ਼ੇਸ਼ ਤੌਰ ਤੇ ਹਾਜਰ ਸਨ।

Post a Comment