ਮਾਨਸਾ/ਟ੍ਰੈਫਿਕ ਪੁਲਿਸ ਮਾਨਸਾ ਵੱਲੋਂ ਸੜਕ ਹਾਦਸਿਆਂ ਨੂੰ ਕੰਟਰੌਲ ਕਰਨ ਹਿੱਤ ਅੱਜ ਸ਼ਹਿਰ ਵਿਚ ਚੇਤਨਾ ਰੈਲੀ ਦੇ ਤੌਰ ਤੇ ਆਟੋ ਰਿਕਸ਼ਾ ਰੈਲੀ ਕੱਢੀ ਗਈ।ਇਹ ਰੈਲੀ ਸ਼ਹਿਰ ਦੇ ਹਸਪਤਾਲ ਰੋਡ,ਸਿਨੇਮਾ ਰੋਡ,ਗਊਸ਼ਾਲਾ ਰੋਡ,ਬੱਸ ਅੱਡਾ ਚੌਂਕ,ਮੇਨ ਬਾਜ਼ਾਰ ਆਦਿ ਥਾਂਵਾਂ ਤੇ ਕੱਢੀ ਗਈ ।ਰੈਲੀ ਵਿਚ ਐਸ ਕੇ ਡੀ ਪਬਲਿਕ ਸਕੂਲ ਕੋਟਲੀ ਕਲਾਂ ਦੇ ਸਕੂਲੀ ਬੱਚਿਆਂ ਨੇ ਉਤਸ਼ਾਹ ਨਾਲ ਭਾਗ ਲਿਆ। ਚੇਤਨਾ ਰੈਲੀ ਵਿਚ ਸ਼ਹੀਦ ਭਗਤ ਸਿੰਘ ਆਟੋ ਰਿਕਸ਼ਾ ਯੂਨੀਅਨ ਨੇ ਅਗਵਾਈ ਕੀਤੀ।ਯੂਨੀਅਨ ਨੇ ਟ੍ਰੈਫਿਕ ਨਿਯਮਾਂ ਦੀ ਪਾਲਣਾ ਕਰਨ ਦਾ ਪ੍ਰਣ ਲਿਆ।ਟ੍ਰੈਫਿਕ ਪੁਲਿਸ ਦੇ ਮੁਲਾਜ਼ਮ ਸ਼ੁਰੇਸ਼ ਕੁਮਾਰ ਸਿੰਘ ਨੇ ਕੋਟਲੀ ਕਲਾਂ ਦੇ ਉਕਤ ਸਕੂਲ ਵਿਚ ਸੰਬੋਧਨ ਕਰਦਿਆਂ ਕਿਹਾ ਕਿ ਟ੍ਰੈਫਿਕ ਵਧਣ ਕਾਰਨ ਅੱਜ ਨਿਯਮਾਂ ਦੀ ਪ੍ਰਵਾਹ ਤੋਂ ਅਸੀਂ ਅਣਜਾਨ ਹੁੰਦੇ ਜਾ ਰਹੇ ਹਾਂ,ਜਿਸ ਕਾਰਨ ਸੜਕੀ ਹਾਦਸਿਆਂ ਵਿਚ ਵਾਧਾ ਹੋ ਰਿਹਾ ਹੈ।ਉਨਾਂ ਕਿਹਾ ਕਿ ਸੜਕ ਤੇ ਵਾਹਨ ਚਲਾਉਂਦੇ ਸਮੇਂ ਹੈਲਮਟ ਪਾਕੇ ਅਸੀਂ ਸਾਵਧਾਨੀ ਤੇ ਦੂਜਿਆਂ ਦਾ ਖਿਆਲ ਰੱਖੀਏ ਤਾਂ ਲਾਜ਼ਮੀ ਸੜਕ ਦੁਰਘਟਨਾਵਾਂ ਵਿਚ ਕਮੀ ਆ ਸਕਦੀ ਹੈ।ਉਨਾਂ ਕਿਹਾ ਕਿ ਅੱਜ ਮਸ਼ੀਨਰੀ ਯੁੱਗ ਵਿਚ ਟ੍ਰੈਫਿਕ ਨਿਯਮਾਂ ਦੀ ਪਾਲਣਾ ਨੂੰ ਹਰ ਵਿਅਕਤੀ,ਹਰ ਬੱਚੇ ਨੂੰ ਪੱਲੇ ਬੰਨ ਲੈਣਾ ਚਾਹੀਦਾ ਹੈੇ।ਜਿਸ ਨਾਲ ਸਾਡਾ ਤੇ ਹੋਰਨਾਂ ਦਾ ਬਚਾਅ ਹੋਵੇਗਾ।ਇਸ ਚੇਤਨਾ ਰੈਲੀ ਵਿਚ ਸਕੂਲੀ ਬੱਚਿਆਂ ਨੇ ਟ੍ਰੈਫਿਕ ਨਿਯਮਾਂ ਸੰਬੰਧੀ ਤਰਾਂ ਤਰਾਂ ਦੇ ਸੰਲੋਗਨ ਲਿਖਕੇ ਲੋਕਾਂ ਨੂੰ ਜਾਗਰੂਕ ਕੀਤਾ।ਟ੍ਰੈਫਿਕ ਪੁਲਿਸ ਮਾਨਸਾ ਦੇ ਮੁਖੀ ਨਰੇਸ਼ ਕੁਮਾਰ ਨੇ ਦੱਸਿਆ ਕਿ ਹਰ ਸਾਲ ਇਸ ਮਹੀਨੇ ਦੇ ਤੀਜੇ ਐਤਵਾਰ ਸੜਕ ਹਾਦਸਿਆਂ ਵਿਚ ਅਪਾਹਜ ਅਤੇ ਪ੍ਰਭਾਵਿਤ ਹੋਏ ਵਿਅਕਤੀਆਂ ਨੂੰ ਸਮਰਪਿਤ ਚੇਤਨਾ ਰੈਲੀ ਤੇ ਜਾਗਰੂਕ ਪ੍ਰੋਗਰਾਮ ਕੀਤੇ ਜਾਂਦੇ ਹਨ।ਰੈਲੀ ਦੌਰਾਨ ਅੱਜ ਹੌਲਦਾਰ ਕੁਮਾਰ ਸਿੰਘ,ਹਾਕਮ ਸਿੰਘ,ਪਰਮਜੀਤ ਸਿੰਘ ਤੇ ਸਤਨਾਮ ਸਿੰਘ ਆਦਿ ਹਾਜਿਰ ਸਨ।

Post a Comment