ਬਠਿੰਡਾ, 21 ਨਵੰਬਰ (ਕਿਰਪਾਲ ਸਿੰਘ): ਗੁਰਮਤਿ ਬਿਹੂਨੇ ਸਿੱਖ ਖ਼ਬਰਾਂ ਵਿੱਚ ਆਉਣ ਲਈ ਸਿੱਖੀ ਨੂੰ ਬਦਨਾਮ ਕਰ ਰਹੇ ਹਨ। ਇਹ ਸ਼ਬਦ ਪ੍ਰਸਿੱਧ ਕਥਾਵਾਚਕ ਗਿਆਨੀ ਹਰਿੰਦਰ ਸਿੰਘ ਅਲਵਰ ਨੇ ਗੁਰਦੁਆਰਾ ਬੰਗਲਾ ਸਾਹਿਬ ਨਵੀਂ ਦਿੱਲੀ ਵਿਖੇ ਚੱਲ ਰਹੀ ਲੜੀਵਾਰ ਕਥਾ ਦੌਰਾਨ ਅੱਜ ਸਵੇਰੇ ਕਹੇ ਜਿਸ ਦਾ ਸਿੱਧਾ ਪ੍ਰਸਾਰਣ ਚੜ੍ਹਦੀ ਕਲਾ ਟਾਈਮ ਟੀਵੀ ਤੋਂ ਹੋ ਰਿਹਾ ਸੀ। ਉਨ੍ਹਾਂ ਕਿਹਾ ਗੁਰੂ ਗੋਬਿੰਦ ਸਿੰਘ ਜੀ ਨੇ ਕਿਸੇ ਕੰਮ ਲਈ ਸਾਰੇ ਉਪਾ ਖ਼ਤਮ ਹੋ ਜਾਣ ’ਤੇ ਹੀ ਤਲਵਾਰ ਨੂੰ ਹੱਥ ਵਿਚ ਧਾਰਨ ਕਰਨਾ ਜਾਇਜ਼ ਦੱਸਿਆ ਸੀ: ‘ਚੁ ਕਾਰ ਅਜ਼ ਹਮਹ ਹੀਲਤੇ ਦਰ ਗੁਜ਼ਸ਼ਤ ॥ ਹਲਾਲ ਅਸਤੁ ਬੁਰਦਨ ਬ ਸ਼ਮਸ਼ੀਰ ਦਸਤ ॥22॥’ (ਜ਼ਫ਼ਰਨਾਮਾ) ਪਰ ਅੱਜ ਸਿੱਖ ਸਭ ਤੋਂ ਪਹਿਲਾਂ ਤਲਵਾਰ ਨੂੰ ਹੀ ਹੱਥ ਪਾਉਂਦਾ ਹੈ। ਉਨ੍ਹਾਂ ਕਿਹਾ ਮੀਡੀਏ ਵਾਲਿਆਂ ਨੂੰ ਤਾਂ ਖ਼ਬਰਾਂ ਚਾਹੀਦੀਆਂ ਨੇ ਇਸ ਲਈ ਉਹ ਕਹਿੰਦੇ ਹਨ ਫੋਟੋ ਲੈਣੀ ਹੈ। ਗੁਰਮਤਿ ਬਿਹੂਨੇ ਖ਼ਬਰਾਂ ਵਿੱਚ ਆਉਣ ਲਈ ਕਿਰਪਾਨਾਂ ਘੁਮਾਉਂਦੇ ਹਨ ਤੇ ਜੈਕਾਰੇ ਵੀ ਛਡਦੇ ਹਨ ਤੇ ਅਗਲੇ ਦਿਨਾਂ ਉਨ੍ਹਾਂ ਦੀ ਫੋਟੋ ਛਪ ਜਾਂਦੀ ਹੈ ਪਰ ਉਨ੍ਹਾਂ ਨੂੰ ਨਹੀਂ ਪਤਾ ਕਿ ਉਨ੍ਹਾਂ ਦੀ ਇਸ ਬੇਹੂਦੀ ਸਦਕਾ ਕੌਮ ਦੀ ਕਿੰਨੀ ਬਦਨਾਮੀ ਹੁੰਦੀ ਹੈ। ਗਿਆਨੀ ਅਲਵਰ ਨੇ ਕਿਹਾ ਕਿ ਜਿਹੜੇ ਵਿਅਕਤੀ ਇੱਕ ਥਾਂ ਆਪਣੇ ਵਿਰੋਧੀ ਧੜੇ ਦੇ ਭਰਾਵਾਂ ’ਤੇ ਕਿਰਪਾਨਾਂ ਡਾਂਗਾਂ ਦੀ ਵਰਤੋਂ ਕਰਕੇ ਖੁਸ਼ ਹੁੰਦੇ ਹਨ ਤੇ ਇਸ ਦੀ ਵਰਤੋਂ ਨੂੰ ਸਹੀ ਠਹਿਰਾਉਂਦੇ ਹਨ ਜਦੋਂ ਦੂਸਰੇ ਥਾਂ ਉਨ੍ਹਾਂ ਦੇ ਹੀ ਸਾਥੀਆਂ ’ਤੇ ਚਲਦੀਆਂ ਹਨ ਤਾਂ ਦੂਸਰੇ ਨੂੰ ਦੋਸ਼ੀ ਠਹਿਰਾਉਂਦੇ ਹਨ। ਉਨ੍ਹਾਂ ਕਿਹਾ ਗੁਰੂ ਗੋਬਿੰਦ ਸਾਹਿਬ ਜੀ ਤਾਂ ਇਨ੍ਹਾਂ ਸਿੱਖਾਂ ਨੂੰ ਵੇਖ ਕੇ ਕਹਿੰਦੇ ਹੋਣਗੇ ਕਿ ਇਨ੍ਹਾਂ ਬਾਂਦਰਾਂ ਦੇ ਹੱਥ ਕ੍ਰਿਪਾਨ ਕਿਉਂ ਫੜਾਉਣੀ ਸੀ। ਖ਼ਬਰਾਂ ਵਿੱਚ ਰਹਿਣ ਦੇ ਚਾਹਵਾਨਾਂ ਦੀ ਜਦੋਂ ਅਸਲੀਅਤ ਦੱਸੀ ਜਾਂਦੀ ਹੈ ਤਾਂ ਉਨ੍ਹਾਂ ਦਾ ਇਤਰਾਜ ਹੁੰਦਾ ਹੈ ਕਿ ਤੁਸੀਂ ਇਹ ਕੀ ਕਰ ਰਹੇ ਹੋ ਸਿੱਧੀ ਸਿੱਧੀ ਕਥਾ ਕਰੋ। ਤੁਸੀਂ ਇਨ੍ਹਾਂ ਗੱਲਾਂ ਤੋਂ ਕੀ ਲੈਣਾ ਦੇਣਾ ਹੈ। ਗਿਆਨੀ ਅਲਵਰ ਨੇ ਕਿਹਾ ਕਿ ਗੁਰੂ ਨਰਨਕ ਸਾਹਿਬ ਜੀ ਨੇ ਤਾਂ ਜਪੁਜੀ ਸਾਹਿਬ ਦੀ ਪਹਿਲੀ ਪਉੜੀ ਵਿੱਚ ਹੀ ਧਰਮ ਦੇ ਨਾਂ ’ਤੇ ਕਰਮਕਾਂਡ ਕਰਨ ਵਾਲਿਆਂ ’ਤੇ ਚੋਟ ਕਰਦਿਆਂ ਫ਼ੁਰਮਾਇਆ ਹੈ:
‘ਸੋਚੈ ਸੋਚਿ ਨ ਹੋਵਈ ਜੇ ਸੋਚੀ ਲਖ ਵਾਰ ॥ ਚੁਪੈ ਚੁਪ ਨ ਹੋਵਈ ਜੇ ਲਾਇ ਰਹਾ ਲਿਵ ਤਾਰ ॥’ - ਜੇ ਮੈਂ ਲੱਖ ਵਾਰੀ (ਭੀ) (ਇਸ਼ਨਾਨ ਆਦਿਕ ਨਾਲ ਸਰੀਰ ਦੀ) ਸੁੱਚ ਰੱਖਾਂ, (ਤਾਂ ਭੀ ਇਸ ਤਰ੍ਹਾਂ) ਸੁੱਚ ਰੱਖਣ ਨਾਲ (ਮਨ ਦੀ) ਸੁੱਚ ਨਹੀਂ ਰਹਿ ਸਕਦੀ। ਜੇ ਮੈਂ (ਸਰੀਰ ਦੀ) ਇਕ-ਤਾਰ ਸਮਾਧੀ ਲਾਈ ਰੱਖਾਂ; (ਤਾਂ ਭੀ ਇਸ ਤਰ੍ਹਾਂ) ਚੁੱਪ ਕਰ ਰਹਿਣ ਨਾਲ ਮਨ ਦੀ ਸ਼ਾਂਤੀ ਨਹੀਂ ਹੋ ਸਕਦੀ।
‘ਭੁਖਿਆ ਭੁਖ ਨ ਉਤਰੀ ਜੇ ਬੰਨਾ ਪੁਰੀਆ ਭਾਰ ॥ ਸਹਸ ਸਿਆਣਪਾ ਲਖ ਹੋਹਿ ਤ ਇਕ ਨ ਚਲੈ ਨਾਲਿ ॥’- ਜੇ ਮੈਂ ਸਾਰੇ ਭਵਣਾˆ ਦੇ ਪਦਾਰਥਾˆ ਦੇ ਢੇਰ (ਭੀ) ਸਾਂਭ ਲਵਾਂ, ਤਾਂ ਭੀ ਤ੍ਰਿਸ਼ਨਾ ਦੇ ਅਧੀਨ ਰਿਹਾਂ ਤ੍ਰਿਸ਼ਨਾ ਦੂਰ ਨਹੀਂ ਹੋ ਸਕਦੀ। ਜੇ (ਮੇਰੇ ਵਿਚ) ਹਜ਼ਾਰਾਂ ਤੇ ਲੱਖਾਂ ਚਤੁਰਾਈਆਂ ਹੋਵਣ, (ਤਾਂ ਭੀ ਉਹਨਾਂ ਵਿਚੋਂ) ਇਕ ਭੀ ਚਤੁਰਾਈ ਸਾਥ ਨਹੀਂ ਦੇਂਦੀ।
‘ਕਿਵ ਸਚਿਆਰਾ ਹੋਈਐ ਕਿਵ ਕੂੜੈ ਤੁਟੈ ਪਾਲਿ ॥’ ਤੀਰਥ ਇਸਨਾਨ ਕਰਨ ਵਾਲਿਆਂ, ਸਮਾਧੀਆਂ ਲਾਉਣ ਵਾਲਿਆਂ ਤ੍ਰਿਸ਼ਨਾਂ ਦੇ ਅਧੀਨ ਰਹਿ ਕਿ ਪਦਾਰਥ ਇਕੱਠ ਕਰਨ ਵਾਲਿਆਂ ਤੇ ਮਨ ਦੀਆਂ ਚਤੁਰਾਈਆਂ ਨਾਲ ਅਕਾਲ ਪੁਰਖ਼ ਤੇ ਸੁੱਖਾਂ ਦੀ ਪ੍ਰਾਪਤੀ ਲਈ ਕਰਮਕਾਂਡ ਕਰ ਰਹੇ ਇਨ੍ਹਾਂ ਚਾਰਾਂ ਹੀ ਵਰਗਾਂ ’ਤੇ ਚੋਟ ਮਾਰਨ ਪਿੱਛੋਂ ਗੁਰੂ ਸਾਹਿਬ ਜੀ ਨੇ ਪੰਜਵੀਂ ਤੁਕ ਵਿੱਚ ਸਾਨੂੰ ਸਮਝਾਉਣ ਲਈ ਪ੍ਰਸ਼ਨ ਕੀਤਾ ਹੈ (ਤਾˆ ਫਿਰ) ਅਕਾਲ ਪੁਰਖ ਦਾ ਪਰਕਾਸ਼ ਹੋਣ ਲਈ ਯੋਗ ਕਿਵੇˆ ਬਣ ਸਕੀਦਾ ਹੈ (ਅਤੇ ਸਾਡੇ ਅੰਦਰ ਦਾ) ਕੂੜ ਦਾ ਪਰਦਾ ਕਿਵੇˆ ਟੁੱਟ ਸਕਦਾ ਹੈ?
ਇਸ ਪ੍ਰਸ਼ਨ ਦੇ ਉਤਰ ਵਿੱਚ ਛੇਵੀਂ ਤੁਕ ਵਿੱਚ ਫ਼ੁਰਮਾਨ ਕੀਤਾ ਹੈ:
‘ਹੁਕਮਿ ਰਜਾਈ ਚਲਣਾ ਨਾਨਕ ਲਿਖਿਆ ਨਾਲਿ ॥1॥’ - ਰਜ਼ਾ ਦੇ ਮਾਲਕ ਅਕਾਲ ਪੁਰਖ ਦੇ ਹੁਕਮ ਵਿਚ ਤੁਰਨਾ-(ਇਹੀ ਇਕ ਵਿਧੀ ਹੈ)। ਹੇ ਨਾਨਕ! (ਇਹ ਵਿਧੀ) ਧੁਰ ਤੋਂ ਹੀ ਜਦ ਤੋਂ ਜਗਤ ਬਣਿਆ ਹੈ, ਲਿਖੀ ਚਲੀ ਆ ਰਹੀ ਹੈ ॥1॥
ਸਿੱਧੀ ਸਿੱਧੀ ਕਥਾ ਕਰਨ ਦਾ ਸੁਝਾਉ ਦੇਣ ਵਾਲੇ ਤਾਂ ਗੁਰੂ ਨਾਨਕ ਸਾਹਿਬ ਜੀ ਨੂੰ ਵੀ ਸਲਾਹਾਂ ਦੇਣਗੇ ਤੁਸੀਂ ਕੀ ਲੈਣਾ ਦੇਣਾ ਹੈ ਕਿਸੇ ਤੋਂ ਕੋਈ ਤੀਰਥਾਂ ਤੇ ਨਹਾਉਂਦਾ ਹੈ ਤਾਂ ਨਹਾਈ ਜਾਣ ਜਾਣ ਦਿਓ, ਕੋਈ ਮੋਨ ਧਾਰ ਕੇ ਸਮਾਧੀ ਲਾਉਂਦਾ ਹੈ ਤਾਂ ਲਾਈ ਜਾਣ ਦਿਓ ਕੋਈ ਤ੍ਰਿਸ਼ਨਾਂ ਦੇ ਅਧੀਨ ਪਦਾਰਥ ਇਕੱਠ ਕਰਦਾ ਹੈ ਤਾਂ ਕਰੀ ਜਾਣ ਦਿਓ, ਕੋਈ ਮਨ ਦੀਆਂ ਚਤੁਰਾਈਆਂ ਨਾਲ ਰੱਬ ਪਾਉਣਾ ਚਾਹੁੰਦਾ ਹੈ ਤਾਂ ਉਸ ਨੂੰ ਚਤੁਰਾਈਆਂ ਕਰੀ ਜਾਣ ਦਿਓ ਤੁਸੀਂ ਸਿੱਧੀ ਸਿੱਧੀ ਗੱਲ ਕਰੋ ਕਿ ਰੱਬ ਨੂੰ ਕਿਵੇਂ ਪਾਉਣਾ ਹੈ ਤੇ ਉਸ ਦਾ ਤਰੀਕਾ ਦੱਸ ਦਿਓ ਰਜ਼ਾ ਦੇ ਮਾਲਕ ਅਕਾਲ ਪੁਰਖ ਦੇ ਹੁਕਮ ਵਿਚ ਤੁਰਨਾ-(ਇਹੀ ਇਕ ਵਿਧੀ ਹੈ)।
ਗਿਆਨੀ ਅਲਵਰ ਨੇ ਪਾਖੰਡੀ ਸਾਧ ਦੀ ਸਾਖੀ ਸੁਣਾਉਂਦਿਆਂ ਕਿਹਾ ਕਿ ਦੋਵੇਂ ਅੱਖਾਂ ਤੇ ਦੋਵੇਂ ਨਾਸਾਂ ਬੰਦ ਕਰਕੇ ਸਮਾਧੀ ਲਾਉਣ ਦਾ ਪਖੰਡ ਕਰਨ ਵਾਲਾ ਇਕ ਪਾਸੇ ਤਾਂ ਕਹਿ ਰਿਹਾ ਸੀ ਕਿ ਉਸ ਨੂੰ ਤ੍ਰਿਲੋਕੀ ਦੇ ਦਰਸ਼ਨ ਹੋ ਰਹੇ ਹਨ ਤੇ ਇਹ ਵੇਖ ਸੁਣ ਕੇ ਲੋਕ ਉਸ ਨੂੰ ਭਗਤ ਸਮਝ ਕੇ ਉਸ ਦੇ ਲੋਟੇ ਵਿੱਚ ਪੈਸੇ ਸੁੱਟ ਰਹੇ ਸਨ ਤੇ ਚੋਰੀ ਚੋਰੀ ਵੇਖ ਵੀ ਲੈਂਦਾ ਸੀ ਕਿ ਲੋਟੇ ਵਿੱਚ ਕਿੰਨੇ ਪੈਸੇ ਪੈ ਚੁੱਕੇ ਹਨ। ਗੁਰੂ ਨਾਨਕ ਸਾਹਿਬ ਕੋਲ ਦੀ ਲੰਘ ਰਹੇ ਸਨ ਤਾਂ ਇਸ ਦਾ ਪਾਖੰਡ ਵੇਖ ਕੇ ਉਥੇ ਰੁਕ ਗਏ ਤੇ ਭਾਈ ਮਰਦਾਨੇ ਨੂੰ ਇਸ਼ਾਰਾ ਕੀਤਾ ਕਿ ਇਸ ਦਾ ਲੋਟਾ ਚੁੱਕ ਕੇ ਇਸ ਦੇ ਪਿੱਛੇ ਰੱਖ ਦੇਵੇ, ਤੇ ਨਾਲ ਹੀ ਉਥੇ ਖੜ੍ਹੇ ਲੋਕਾਂ ਨੂੰ ਇਸ਼ਾਰਾ ਕੀਤਾ ਕਿ ਉਹ ਚੁੱਪ ਰਹਿਣ। ਜਦ ਪਾਖੰਡੀ ਸਾਧ ਨੇ ਵੇਖਿਆ ਕਿ ਉਸ ਦਾ ਪੈਸਿਆਂ ਵਾਲਾ ਲੋਟਾ ਕਿਸੇ ਨੇ ਚੁੱਕ ਲਿਆ ਹੈ ਤੇ ਸਾਹਮਣੇ ਗੁਰੂ ਨਾਨਕ ਸਾਹਿਬ ਬੈਠੇ ਹਨ ਤਾਂ ਉਹ ਸਮਝ ਗਿਆ ਕਿ ਨਾਨਕ ਜੀ ਦਾ ਹੀ ਕੰਮ ਹੋ ਸਕਦਾ ਹੈ। ਇਸ ਲਈ ਗੁਰੂ ਨਾਨਕ ਸਾਹਿਬ ਦੀ ਨਿੰਦਾ ਕਰਦਾ ਕਹਿਣ ਲੱਗਾ ਕਿ ਲੋਕਾਂ ਦੀ ਸ਼ਰਧਾ ਤੋੜ ਰਿਹਾ ਹੈ, ਨਾਸਤਿਕਤਾ ਫੈਲਾ ਰਿਹਾ ਹੈ। ਇਹ ਕੰਮ ਚੰਗਾ ਨਹੀਂ ਤੇ ਮੇਰਾ ਲੋਟਾ ਦੱਸੋ ਕਿਥੇ ਰੱਖਿਆ ਹੈ? ਨਹੀਂ ਤਾਂ ਮੈਂ ਸਰਾਫ਼ ਦੇ ਦਿਆਂਗਾ। ਗੁਰੂ ਨਾਨਕ ਸਾਹਿਬ ਜੀ ਕਹਿਣ ਲੱਗੇ ਭਾਈ ਇਤਨਾ ਕ੍ਰੋਧ ਵਿੱਚ ਆਉਣ ਦੀ ਕੀ ਲੋੜ ਹੈ, ਤੈਨੂੰ ਤਾਂ ਤਿੰਨਾਂ ਲੋਕਾਂ ਦੀ ਸੋਝੀ ਹੈ ਲੋਟਾ ਵੀ ਵੇਖ ਲਵੋ ਕਿਥੇ ਪਿਆ ਹੈ! ਜਦ ਉਸ ਨੂੰ ਆਪਣੇ ਪਿੱਛੇ ਪਏ ਲੋਟੇ ਦਾ ਹੀ ਪਤਾ ਨਾ ਲੱਗਾ ਤਾਂ ਉਸ ਦੇ ਪਾਖੰਡ ਦਾ ਭੇਦ ਲੋਕਾਂ ਅੱਗੇ ਖੁਲ੍ਹ ਗਿਆ ਤੇ ਬੜਾ ਹੀ ਸ਼ਰਮਿੰਦਾ ਹੋਇਆ। ਗੁਰੂ ਨਾਨਕ ਸਾਹਿਬ ਜੀ ਨੇ ਉਸ ਸਮੇਂ ਲੋਕਾਈ ਨੂੰ ਸਿੱਖਿਆ ਦੇਣ ਲਈ ਧਨਾਸਰੀ ਰਾਗੁ ਵਿੱਚ ਇਹ ਸ਼ਬਦ ਉਚਾਰਣ ਕੀਤਾ:
‘ਕਾਲੁ ਨਾਹੀ ਜੋਗੁ ਨਾਹੀ ਨਾਹੀ ਸਤ ਕਾ ਢਬੁ ॥ ਥਾਨਸਟ ਜਗ ਭਰਿਸਟ ਹੋਏ ਡੂਬਤਾ ਇਵ ਜਗੁ ॥1॥’ - ਇਹ (ਮਨੁੱਖਾ ਜਨਮ ਦਾ) ਸਮਾ (ਅੱਖਾਂ ਮੀਟਣ ਤੇ ਨੱਕ ਫੜਨ ਵਾਸਤੇ) ਨਹੀਂ ਹੈ, (ਇਹਨਾਂ ਢਬਾਂ ਨਾਲ) ਪਰਮਾਤਮਾ ਦਾ ਮੇਲ ਨਹੀਂ ਹੁੰਦਾ, ਨਾਹ ਹੀ ਉੱਚੇ ਆਚਰਨ ਦਾ ਤਰੀਕਾ ਹੈ। (ਇਹਨਾਂ ਤਰੀਕਿਆਂ ਦੀ ਰਾਹੀਂ) ਜਗਤ ਦੇ (ਅਨੇਕਾਂ) ਪਵਿਤ੍ਰ ਹਿਰਦੇ (ਭੀ) ਗੰਦੇ ਹੋ ਜਾਂਦੇ ਹਨ, ਇਸ ਤਰ੍ਹਾਂ ਜਗਤ (ਵਿਕਾਰਾਂ ਵਿਚ) ਡੁੱਬਣ ਲੱਗ ਪੈਂਦਾ ਹੈ ॥1॥
‘ਕਲ ਮਹਿ ਰਾਮ ਨਾਮੁ ਸਾਰੁ ॥ ਅਖੀ ਤ ਮੀਟਹਿ ਨਾਕ ਪਕੜਹਿ ਠਗਣ ਕਉ ਸੰਸਾਰੁ ॥1॥ ਰਹਾਉ ॥’- ਜਗਤ ਵਿਚ ਪਰਮਾਤਮਾ ਦਾ ਨਾਮ (ਸਿਮਰਨਾ ਹੋਰ ਸਾਰੇ ਕੰਮਾਂ ਨਾਲੋਂ) ਸ੍ਰੇਸ਼ਟ ਹੈ। (ਜੇਹੜੇ ਇਹ ਲੋਕ) ਅੱਖਾਂ ਤਾਂ ਮੀਟਦੇ ਹਨ, ਨੱਕ ਭੀ ਫੜਦੇ ਹਨ (ਇਹ) ਜਗਤ ਨੂੰ ਠੱਗਣ ਵਾਸਤੇ (ਕਰਦੇ ਹਨ, ਇਹ ਭਗਤੀ ਨਹੀਂ, ਇਹ ਸ੍ਰੇਸ਼ਟ ਧਾਰਮਿਕ ਕੰਮ ਨਹੀਂ) ॥1॥ ਰਹਾਉ ॥
‘ਆਂਟ ਸੇਤੀ ਨਾਕੁ ਪਕੜਹਿ ਸੂਝਤੇ ਤਿਨਿ ਲੋਅ ॥ ਮਗਰ ਪਾਛੈ ਕਛੁ ਨ ਸੂਝੈ ਏਹੁ ਪਦਮੁ ਅਲੋਅ ॥2॥’- ਹੱਥ ਦੇ ਅੰਗੂਠੇ ਤੇ ਨਾਲ ਦੀਆਂ ਦੋ ਉਂਗਲਾਂ ਨਾਲ ਇਹ (ਆਪਣਾ) ਨੱਕ ਫੜਦੇ ਹਨ (ਸਮਾਧੀ ਦੀ ਸ਼ਕਲ ਵਿਚ ਬੈਠ ਕੇ ਮੂੰਹੋਂ ਆਖਦੇ ਹਨ ਕਿ) ਤਿੰਨੇ ਹੀ ਲੋਕ ਦਿੱਸ ਰਹੇ ਹਨ, ਪਰ ਆਪਣੀ ਹੀ ਪਿੱਠ ਪਿਛੇ ਪਈ ਕੋਈ ਚੀਜ਼ ਨਹੀਂ ਦਿੱਸਦੀ। ਇਹ ਅਸਚਰਜ ਪਦਮ ਆਸਨ ਹੈ ॥2॥
‘ਖਤ੍ਰੀਆ ਤ ਧਰਮੁ ਛੋਡਿਆ ਮਲੇਛ ਭਾਖਿਆ ਗਹੀ ॥ ਸ੍ਰਿਸਟਿ ਸਭ ਇਕ ਵਰਨ ਹੋਈ ਧਰਮ ਕੀ ਗਤਿ ਰਹੀ ॥3॥’- (ਆਪਣੇ ਆਪ ਨੂੰ ਹਿੰਦੂ ਧਰਮ ਦੇ ਰਾਖੇ ਸਮਝਣ ਵਾਲੇ) ਖਤ੍ਰੀਆਂ ਨੇ (ਆਪਣਾ ਇਹ) ਧਰਮ ਛੱਡ ਦਿੱਤਾ ਹੈ, ਜਿਨ੍ਹਾਂ ਨੂੰ ਇਹ ਮੂੰਹੋਂ ਮਲੇਛ ਕਹਿ ਰਹੇ ਹਨ (ਰੋਜ਼ੀ ਦੀ ਖ਼ਾਤਰ) ਉਹਨਾਂ ਦੀ ਬੋਲੀ ਗ੍ਰਹਣ ਕਰ ਚੁਕੇ ਹਨ, (ਇਹਨਾਂ ਦੇ) ਧਰਮ ਦੀ ਮਰਯਾਦਾ ਮੁੱਕ ਚੁੱਕੀ ਹੈ, ਸਾਰੀ ਸ੍ਰਿਸ਼ਟੀ ਇਕੋ ਵਰਨ ਦੀ ਹੋ ਗਈ ਹੈ (ਇਕੋ ਅਧਰਮ ਹੀ ਅਧਰਮ ਪ੍ਰਧਾਨ ਹੋ ਗਿਆ ਹੈ) ॥3॥
‘ਅਸਟ ਸਾਜ ਸਾਜਿ ਪੁਰਾਣ ਸੋਧਹਿ ਕਰਹਿ ਬੇਦ ਅਭਿਆਸੁ ॥ ਬਿਨੁ ਨਾਮ ਹਰਿ ਕੇ ਮੁਕਤਿ ਨਾਹੀ ਕਹੈ ਨਾਨਕੁ ਦਾਸੁ ॥4॥1॥6॥8॥’ (ਧਨਾਸਰੀ ਮ: 1 ਗੁਰੂ ਗ੍ਰੰਥ ਸਾਹਿਬ - ਪੰਨਾ 663) - (ਬ੍ਰਾਹਮਣ ਲੋਕ) ਅਸ਼ਟਾਧਿਆਈ ਆਦਿਕ ਗ੍ਰੰਥ ਰਚ ਕੇ (ਉਹਨਾਂ ਅਨੁਸਾਰ) ਪੁਰਾਣਾਂ ਨੂੰ ਵਿਚਾਰਦੇ ਹਨ ਤੇ ਵੇਦਾਂ ਦਾ ਅਭਿਆਸ ਕਰਦੇ ਹਨ (ਬੱਸ! ਇਤਨੇ ਨੂੰ ਸ੍ਰੇਸ਼ਟ ਧਰਮ ਕਰਮ ਮੰਨੀ ਬੈਠੇ ਹਨ)। ਪਰ ਦਾਸ ਨਾਨਕ ਆਖਦਾ ਹੈ ਕਿ ਪਰਮਾਤਮਾ ਦਾ ਨਾਮ ਜਪਣ ਤੋਂ ਬਿਨਾ (ਵਿਕਾਰਾਂ ਤੋਂ) ਖ਼ਲਾਸੀ ਨਹੀਂ ਹੋ ਸਕਦੀ (ਇਸ ਵਾਸਤੇ ਸਿਮਰਨ ਹੀ ਸਭ ਤੋਂ ਸ੍ਰੇਸ਼ਟ ਧਰਮ-ਕਰਮ ਹੈ) ॥4॥1॥6॥8॥
ਗਿਆਨੀ ਅਲਵਰ ਨੇ ਕਿਹਾ ਕਿ ਸਿੱਧੀ ਸਿੱਧੀ ਕਥਾ ਕਰਨ ਦੀ ਸਲਾਹ ਦੇਣ ਵਾਲੇ ਤਾਂ ਗੁਰੂ ਨਾਨਕ ਨੂੰ ਵੀ ਸਲਾਹਾਂ ਦਿੰਦੇ ਹੋਣਗੇ ਕਿ ਤੁਸੀਂ ਕਿਸੇ ਦੇ ਪਖੰਡ ਤੋਂ ਕੀ ਲੈਣਾ ਹੈ ਤੁਸੀ ਆਪਣੇ ਰਸਤੇ ਸਿੱਧੇ ਸਿੱਧੇ ਤੁਰੇ ਚਲੇ ਜਾਓ। ਜਿਸ ਤਰ੍ਹਾਂ ਅੱਖਾਂ ਨੱਕ ਬੰਦ ਕਰਕੇ ਪਦਮ ਆਸਣ ਲਾਉਣ ਵਾਲੇ ਪਾਖੰਡੀ ਸਾਧ ਨੂੰ ਇਹ ਭਰਮ ਹੋ ਜਾਂਦਾ ਹੈ ਕਿ ਉਸ ਨੂੰ ਹੀ ਤ੍ਰਿਲੋਕੀ, ਸ਼ਿਵਪੁਰੀ ਬ੍ਰਹਮਪੁਰੀ ਦੀ ਸੋਝੀ ਹੈ ਤੇ ਜਿਹੜਾ ਉਸ ਦਾ ਭੇਦ ਖੋਲੇਗਾ ਉਸ ਨੂੰ ਸਰਾਪ ਦੇ ਦੇਣਗੇ, ਜਿਸ ਤਰ੍ਹਾਂ ਖਤਰੀ ਆਪਣੇ ਆਪ ਨੂੰ ਹਿੰਦੂ ਧਰਮ ਦੇ ਰਾਖੇ ਸਮਝ ਬੈਠੇ ਸਨ ੳਸੇ ਤਰ੍ਹਾਂ ਸਾਡੇ ਕੁਝ ਸਿੱਖਾਂ ਨੂੰ ਵੀ ਭਰਮ ਪੈਦਾ ਹੋ ਗਿਆ ਹੈ ਕਿ ਉਹ ਹੀ ਧਰਮ ਦੇ ਰਾਖੇ ਹਨ, ਸੇਵਾ ਉਹ ਹੀ ਕਰ ਸਕਦੇ ਹਨ ਤੇ ਇਹ ਹੋਰ ਕਿਸੇ ਦਾ ਹੱਕ ਨਹੀਂ ਹੋ ਸਕਦਾ। ਉਨ੍ਹਾਂ ਕਿਹਾ ਧੱਕੇ ਨਾਲ ਸੇਵਾ ਲੈਣ ਵਾਲੇ ਸੇਵਾ ਨਹੀਂ ਹਊਂਮੈ ਕਮਾ ਰਹੇ ਹਨ ਤੇ ਹਊਂਮੈ ਵਿੱਚ ਕਦੇ ਵੀ ਸੇਵਾ ਨਹੀਂ ਹੋ ਸਕਦੀ। ਇਸ ਸਬੰਧੀ ਗੁਰੂ ਸਾਹਿਬ ਜੀ ਦਾ ਫ਼ੁਰਮਾਨ ਹੈ:
‘ਹਉਮੈ ਨਾਵੈ ਨਾਲਿ ਵਿਰੋਧੁ ਹੈ ਦੁਇ ਨ ਵਸਹਿ ਇਕ ਠਾਇ ॥ ਹਉਮੈ ਵਿਚਿ ਸੇਵਾ ਨ ਹੋਵਈ ਤਾ ਮਨੁ ਬਿਰਥਾ ਜਾਇ ॥1॥’ (ਵਡਹੰਸ ਮ: 3, ਗੁਰੂ ਗ੍ਰੰਥ ਸਾਹਿਬ - ਪੰਨਾ 560) ਹੇ ਭਾਈ! ਹਉਮੈ ਦਾ ਪਰਮਾਤਮਾ ਦੇ ਨਾਮ ਨਾਲ ਵੈਰ ਹੈ, ਇਹ ਦੋਵੇਂ ਇਕੱਠੇ (ਹਿਰਦੇ ਵਿਚ) ਨਹੀਂ ਵੱਸ ਸਕਦੇ। ਹਉਮੈ ਵਿਚ ਟਿਕੇ ਰਿਹਾਂ ਪਰਮਾਤਮਾ ਦੀ ਸੇਵਾ-ਭਗਤੀ ਨਹੀਂ ਹੋ ਸਕਦੀ (ਜਦੋਂ ਮਨੁੱਖ ਹਉਂਮੈ ਵਿਚ ਟਿਕਿਆ ਰਹਿ ਕੇ ਭਗਤੀ ਕਰਦਾ ਹੈ ਤਦੋਂ (ਉਸ ਦਾ) ਮਨ ਖ਼ਾਲੀ ਹੋ ਜਾਂਦਾ ਹੈ ॥1॥
ਗਿਆਨੀ ਅਲਵਰ ਨੇ ਕਿਹਾ ਕਿ ਅਜੇਹੇ ਸ਼ਬਦਾਂ ਦੀ ਕਥਾ ਜਿਨ੍ਹਾਂ ਨੂੰ ਆਪਣੀ ਹਊਂਮੈ ’ਤੇ ਸੱਟ ਵੱਜਣ ਕਾਰਣ ਰਾਸ ਨਹੀਂ ਆਉਂਦੀ ਉਨ੍ਹਾਂ ਨੂੰ ਗੁਰਬਾਣੀ ਦੀ ਇਹ ਕਥਾ ਹੀ ਕੂੜ ਪ੍ਰਚਾਰ ਦਿੱਸਦੀ ਹੈ।


Post a Comment