(ਸਿੱਖਾਂ ਤੇ ਵਾਰ ਵਾਰ ਤਸ਼ੱਦਦ ਉਨ੍ਹਾਂ ਨੂੰ ਗੁਲਾਮੀ ਦਾ ਅਹਿਸਾਸ ਕਰਵਾ ਰਿਹੈ-ਸੰਤ ਦਾਦੂਵਾਲ੍ਹ)
ਤਲਵੰਡੀ ਸਾਬੋ 26 ਨਵੰਬਰ (ਰਣਜੀਤ ਸਿੰਘ ਰਾਜੂ) ਹਰਿਆਣਾ ਦੇ ਜਿਲ੍ਹਾ ਸਿਰਸਾ ਵਿਖੇ ਬੀਤੇ ਦਿਨ ਸਿੱਖ ਸੰਗਤਾਂ ਤੇ ਹੋਏ ਹਮਲੇ ਤੋਂ ਬਾਦ ਪੰਜਾਬ ਅੰਦਰ ਵੀ ਪੁਲਿਸ ਨੇ ਸਖਤ ਸੁਰੱਖਿਆ ਪ੍ਰਬੰਧ ਕੀਤੇ ਹੋਏ ਹਨ।ਜਿੱਥੇ ਪੰਜਾਬ ਅੰਦਰਲੇ ਡੇਰਾ ਸਿਰਸਾ ਨਾਲ ਸਬੰਧਿਤ ਡੇਰਿਆਂ ਦੀ ਸੁਰੱਖਿਆ ਵਧਾ ਦਿੱਤੀ ਹੈ ਉੱਥੇ ਡੇਰਾ ਸਿਰਸਾ ਦੇ ਵਿਰੋਧੀ ਆਗੂਆਂ ਤੇ ਪੁਲਿਸ ਬਾਜ ਨਜਰ ਰੱਖ ਰਹੀ ਹੈ।ਇਸੇ ਕੜੀ ਵਿੱਚ ਪੁਲਿਸ ਨੇ ਅੱਜ ਪੰਥਕ ਸੇਵਾ ਲਹਿਰ ਦੇ ਮੁਖੀ ਅਤੇ ਡੇਰਾ ਸਿਰਸਾ ਦੇ ਕੱਟੜ ਵਿਰੋਧੀ ਵਜੋਂ ਜਾਣੇ ਜਾਂਦੇ ਸੰਤ ਬਾਬਾ ਬਲਜੀਤ ਸਿੰਘ ਖਾਲਸਾ ਦਾਦੂਵਾਲ੍ਹ ਦੇ ਹੈੱਡਕੁਆਟਰ ਗੁਰੂਦੁਆਰਾ ਜੰਡਾਲੀਸਰ ਸਾਹਿਬ (ਪਾ:10ਵੀਂ) ਦੀ ਘੇਰਾਬੰਦੀ ਕਰ ਦਿੱਤੀ ਤੇ ਸੰਤ ਦਾਦੂਵਾਲ੍ਹ ਨੂੰ ਗੁਰੂਦੁਆਰਾ ਸਾਹਿਬ ਅੰਦਰ ਇੱਕ ਤਰ੍ਹਾਂ ਨਜਰਬੰਦ ਕਰ ਦਿੱਤਾ ਗਿਆ ਹੈ।ਇੱਥੇ ਦੱਸਣਾ ਬਣਦਾ ਹੈ ਕਿ ਡੇਰਾ ਸਿੱਖ ਵਿਵਾਦ ਦੇ ਦੁਬਾਰਾ ਭੜਕਣ ਤੋਂ ਬਾਦ ਭਾਂਵੇ ਪੁਲਿਸ ਨੇ ਕੱਲ੍ਹ ਤੋਂ ਹੀ ਤਲਵੰਡੀ ਸਾਬੋ ਅਤੇ ਗੁਰੂਦੁਆਰਾ ਜੰਡਾਲੀਸਰ ਸਾਹਿਬ ਦੇ ਆਲੇ ਦੁਆਲੇ ਸਖਤ ਸੁਰੱਖਿਆ ਪ੍ਰਬੰਧ ਕੀਤੇ ਹੋਏ ਸਨ ਪ੍ਰੰਤੂ ਜਿਉਂ ਹੀ ਅੱਜ ਪੁਲਿਸ ਪ੍ਰਸ਼ਾਸਨ ਨੂੰ ਸੂਚਨਾ ਮਿਲੀ ਕਿ ਸੰਤ ਦਾਦੂਵਾਲ੍ਹ ਬੀਤੀ ਰਾਤ ਉਤਰਾਖੰਡ ਤੋਂ ਵਾਪਿਸ ਪਰਤ ਆਏ ਹਨ ਤਾਂ ਸਵੇਰ ਤੋਂ ਹੀ ਪੁਲਿਸ ਨੇ ਉਨ੍ਹਾਂ ਦੇ ਹੈੱਡਕੁਆਟਰ ਦੀ ਤਕੜੀ ਘੇਰਾਬੰਦੀ ਕਰ ਦਿੱਤੀ ਤੇ ਪੁਲਿਸ ਅਧਿਕਾਰੀਆਂ ਨੇ ਉਨ੍ਹਾਂ ਦੇ ਗੁਰੂਦੁਆਰਾ ਸਾਹਿਬ ਤੋਂ ਬਾਹਰ ਨਿਕਲਣ ਤੇ ਅਣਐਲਾਨੀ ਪਾਬੰਦੀ ਲਾ ਦਿੱਤੀ।ਗੁਰੂਦੁਆਰਾ ਸਾਹਿਬ ਦੇ ਬਾਹਰ ਐੱਸ.ਐੱਚ.ਓ ਕੋਟਫੱਤਾ ਦੀ ਅਗਵਾਈ ਵਿੱਚ ਭਾਰੀ ਗਿਣਤੀ ਵਿੱਚ ਪੁਲਿਸ ਫੋਰਸ ਤੈਨਾਤ ਕੀਤੀ ਹੋਈ ਸੀ ਤੇ ਗੁਰੂਘਰ ਆਉਣ ਜਾਣ ਵਾਲੇ ਹਰੇਕ ਵਿਅਕਤੀ ਤੇ ਨਜਰ ਰੱਖੀ ਜਾ ਰਹੀ ਸੀ।ਅੱਜ ਪੱਤਰਕਾਰਾਂ ਨਾਲ ਗੱਲਬਾਤ ਕਰਦਿਆਂ ਸੰਤ ਦਾਦੂਵਾਲ੍ਹ ਨੇ ਕਿਹਾ ਕਿ ਸਿੱਖ ਸੰਗਤਾਂ ਤੇ ਵਾਰ ਵਾਰ ਹੋ ਰਹੇ ਹਮਲੇ ਸਿੱਖਾਂ ਨੂੰ ਗੁਲਾਮੀ ਦਾ ਅਹਿਸਾਸ ਕਰਵਾ ਰਹੇ ਹਨ।ਉਨ੍ਹਾਂ ਕਿਹਾ ਕਿ ਜਦੋਂ ਕਿਸੇ ਦੇਹਧਾਰੀ ਡੇਰੇ ਦੇ ਪੈਰੋਕਾਰ ਸੰਗਤਾਂ ਤੇ ਹਮਲਾ ਕਰਦੇ ਹਨ ਤਾਂ ਸਿੱਖਾਂ ਦੀ ਨਜਰ ਕੌਮ ਦੇ ਧਾਰਮਿਕ ਆਗੂਆਂ ਵੱਲ ਲੱਗ ਜਾਂਦੀ ਹੈ ਕਿ ਉਹ ਕੌਮ ਨੂੰ ਕੋਈ ਪ੍ਰੋਗਰਾਮ ਦੇਣਗੇ ਪ੍ਰੰਤੂ ਧਾਰਮਿਕ ਆਗੂਆਂ ਵੱਲੋਂ ਅੱਜ ਤੱਕ ਕੌਮ ਨੂੰ ਕੋਈ ਠੋਸ ਪ੍ਰੋਗਰਾਮ ਨਾਂ ਦੇ ਸਕਣ ਕਾਰਣ ਹੀ ਡੇਰੇਦਾਰਾਂ ਦੇ ਹੌਂਸਲੇ ਇੰਨੇ ਬੁਲੰਦ ਹੋ ਗਏ ਹਨ ਕਿ ਜੇਕਰ ਸਿੱਖ ਸ਼ਾਂਤੀਪੂਰਬਕ ਮੀਟਿੰਗ ਵੀ ਕਰਦੇ ਹਨ ਤਾਂ ਉਨ੍ਹਾਂ ਤੇ ਹਮਲਾ ਕਰ ਦਿੱਤਾ ਜਾਂਦਾ ਹੈ,ਕੌਮ ਦੇ ਧਾਰਮਿਕ ਆਗੂਆਂ ਦੀ ਚੁੱਪੀ ਕਾਰਣ ਹੀ ਸਿੱਖ ਕੌਮ ਅੱਜ ਨਿਰਾਸ਼ਾ ਦੇ ਦੌਰ ਵਿੱਚੋਂ ਗੁਜਰ ਰਹੀ ਹੈ।ਉਨ੍ਹਾਂ ਕਿਹਾ ਕਿ ਸਰਕਾਰ ਭਾਂਵੇ ਪੰਜਾਬ ਦੀ ਅਕਾਲੀ ਭਾਜਪਾ ਹੋਵੇ ਭਾਂਵੇ ਕਿਸੇ ਹੋਰ ਰਾਜ ਦੀ ਕਾਂਗਰਸ ਜਾਂ ਹੋਰ ਪਾਰਟੀ ਦੀ ਸਾਰੀਆਂ ਹੀ ਡੇਰੇਦਾਰਾਂ ਦੀ ਪੁਸ਼ਤਪਨਾਹੀ ਕਰ ਰਹੀਆਂ ਹਨ ਅਤੇ ਹੁਣ ਸਿੱਖ ਕੌਮ ਨੂੰ ਕੁਝ ਸੋਚਣਾ ਪੈਣਾ ਹੈ ਨਹੀ ਤਾਂ ਕੌਮ ਨੂੰ ਹੋਰ ਵੀ ਨੁਕਸਾਨ ਉਠਾਉਣਾ ਪੈ ਸਕਦਾ ਹੈ।ਸੰਤ ਦਾਦੂਵਾਲ੍ਹ ਨੇ ਇੱਕ ਵਾਰ ਫਿਰ ਕਿਹਾ ਕਿ ਕੌਮ ਦੇ ਧਾਰਮਿਕ ਆਗੂ ਕੌਮ ਨੂੰ ਠੋਸ ਪ੍ਰੋਗਰਾਮ ਦੇਣ ਤਾਂ ਕਿ ਡੇਰਾ ਸਿਰਸਾ ਨਾਲ ਦੋ ਦੋ ਹੱਥ ਕੀਤੇ ਜਾ ਸਕਣ।



Post a Comment