ਸਕੂਲੀ ਵਿਦਿਆਰਥਣਾਂ ਨੂੰ ਸਕੂਲ ਜਾਣ ਲਈ ਦਿੱਤੇ ਸਾਇਕਲ ਸਕੂਲਾਂ ਦੀ ਥਾਂ ਖੇਤਾਂ ਦੇ ਰਾਹ ਪਏ

Tuesday, November 27, 20120 comments


ਪੂਰੇ ਜ਼ਿਲ੍ਹੇ ਵਿੱਚ ਵੰਡੇ ਗਏ 4531 ਸਾਇਕਲਾਂ ਵਿੱਚੋਂ ਇੱਕ ਹਜ਼ਾਰ ਸਾਇਕਲ ਵੀ ਨਹੀਂ ਪੁੱਜਦੇ ਸਕੂਲ
ਝੁਨੀਰ 27 ਨਵੰਬਰ (ਸੰਜੀਵ ਸਿੰਗਲਾ): ਪਿਛਲੇ ਸਾਲ ਨਵੰਬਰ,ਦਸੰਬਰ ਅਤੇ ਜਨਵਰੀ 2012 ਵਿੱਚ ਗਿਆਰਵੀਂ ਬਾਰਵੀਂ ਜਮਾਤ ਵਿੱਚ ਪੜ੍ਹਦੀਆਂ ਸਰਕਾਰੀ ਸਕੂਲਾਂ ਦੀਆਂ ਵਿਦਿਆਰਥਣਾਂ ਨੂੰ ਮਾਈ ਭਾਗੋ ਵਿਦਿਆ ਸਕੀਮ ਅਧੀਨ ਦਿੱਤੇ ਗਏ ਸਾਇਕਲ  ਸਕੂਲਾਂ ਦੀ ਥਾਂ ਖੇਤਾਂ ਦੀਆਂ ਪਹੀਆਂ ’ਤੇ ਦੌੜ ਰਹੇ ਹਨ । ਸਰਦੂਲਗੜ੍ਹ ਤਹਿਸੀਲ ਦੇ 13 ਸੀਨੀਅਰ ਸੈਕੰਡਰੀ ਸਕੂਲਾਂ ਦੀਆਂ 864  ਵਿਦਿਆਰਥਣਾਂ ਨੂੰ ਸਾਇਕਲ ਵੰਡੇ ਗਏ ਸਨ ।ਇਨ੍ਹਾਂ ਵਿੱਚੋਂ 467 ਵਿਦਿਆਰਥਣਾਂ ਗਿਆਰਵੀਂ ਅਤੇ 397 ਵਿਦਿਆਰਥਣਾਂ ਬਾਰਵੀਂ ਜਮਾਤ ਵਿੱਚ ਪੜ੍ਹਦੀਆਂ ਸਨ ।  ਪੂਰੇ ਮਾਨਸਾ ਜ਼ਿਲ੍ਹੇ ਵਿੱਚ 4531 ਸਾਇਕਲ ਵੰਡੇ ਗਏ ਸਨ । ਭੀਖੀ ਬਲਾਕ ਵਿੱਚ ਗਿਆਰਵੀਂ ਜਮਾਤ ਦੀਆਂ ਕੁੜੀਆਂ ਨੂੰ 393  ਅਤੇ ਬਾਰਵੀਂ ਜਮਾਤ ਦੀਆਂ ਕੁੜੀਆਂ ਨੂੰ 300, ਬੁਢਲਾਡਾ ਬਲਾਕ ਵਿੱਚ ਗਿਆਰਵੀ ਜਮਾਤ ਦੀਆਂ 865 ਅਤੇ ਬਾਰਵੀਂ ਜਮਾਤ ਦੀਆਂ 769 ,ਮਾਨਸਾ ਬਲਾਕ ਵਿੱਚ ਗਿਆਰਵੀਂ ਜਮਾਤ ਦੀਆਂ 691 ਅਤੇ ਬਾਰਵੀਂ ਜਮਾਤ ਦੀਆਂ 649 ਵਿਦਿਆਰਥਣਾਂ ਨੂੰ ਇਸ ਸਕੀਮ ਤਹਿਤ ਸਕੂਲ ਜਾਣ ਲਈ ਮੁਫ਼ਤ ਸਾਇਕਲ ਦਿੱਤੇ ਗਏ ਸਨ ਪਰ ਇਨ੍ਹਾਂ ਵਿੱਚ ਇੱਕਾ ਦੁੱਕਾ ਸਾਇਕਲ ਹੀ ਸਕੂਲਾਂ ਵਿੱਚ ਦੇਖਣ ਨੂੰ ਮਿਲਦੇ ਹਨ ਬਾਕੀ ਦੇ ਸਾਰੇ ਸਾਇਕਲ ਹੀ ਵਿਦਿਆਰਥਣਾਂ ਦੇ ਮਾਪੇ ਜਾ ਭੈਣ ਭਰਾ ਆਪਣੇ ਹੋਰ ਕੰਮ ਧੰਦਿਆਂ ਲਈ ਵਰਤ ਰਹੇ ਹਨ । ਸਕੂਲਾਂ ਤੋਂ ਜਿਆਦਾ ਮਾਈ ਭਾਗੋ ਵਿਦਿਆ ਸਕੀਮ ਵਾਲੇ ਇਹ ਸਾਇਕਲ ਪਿੰਡਾਂ ਦੀਆਂ ਆਟਾ ਚੱਕੀਆਂ ਅਤੇ ਖੇਤ ਬੰਨ੍ਹਿਆਂ ਦੇ ਰਸਤਿਆਂ ’ਤੇ ਦੇਖਣ ਨੂੰ ਮਿਲਦੇ ਹਨ । ਜਦੋਂ ਸਕੂਲਾਂ ਵਿੱਚ ਜਾ ਕੇ ਦੇਖਿਆ ਗਿਆ ਤਾਂ  ਸਾਇਕਲ ਸਟੈਡਾਂ  ਵਿੱਚ ਖੜ੍ਹੇ ਸਾਇਕਲਾਂ ਵਿੱਚ ਵੱਡੀ ਗਿਣਤੀ ਨਿੱਜੀ ਕੰਪਨੀਆਂ  ਦੇ ਮਾਅਰਕੇ ਵਾਲੇ ਕਾਲੇ ਸਾਇਕਲਾਂ ਦੀ ਸੀ । ਕੁੜੀਆਂ ਨੂੰ ਦਿੱਤੇ ਗਏ ਨੀਲੇ ਅਤੇ ਪੀਲੇ ਰੰਗ ਵਾਲੇ ਸਾਇਕਲ ਤਾਂ ਇੱਕਾ ਦੁੱਕਾ ਹੀ ਸਨ । ਰਾਏਪਰ ਸਕੂਲ ਵਿੱਚ 69 ਸਾਇਕਲਾਂ ਵਿੱਚ ਇੱਕ ਦਰਜ਼ਨ ਸਾਇਕਲ ਵੀ ਸਕੂਲ ਨਹੀਂ ਵੜ੍ਹਦੇ, ਫੱਤਾ ਮਾਲੋਕਾ ਦੇ 93 ਵਿੱਚੋਂ 25 ਸਾਇਕਲ ਵੀ ਕਦੇ ਸਕੂਲ ਨਹੀਂ ਦੇਖੇ ਗੲ, ਸਰਦੂਲਗੜ੍ਹ ਦੇ ਕੰਨਿਆ ਸਕੂਲ ਦੇ 228 ਸਾਇਕਲਾਂ ਵਿੱਚੋਂ 118 ਤਾਂ ਬਾਰਵੀਂ ਜਮਾਤ ਦੀਆਂ ਕੁੜੀਆਂ ਨੂੰ ਮਿਲਣ ਕਰਕੇ ਉਂਝ ਹੀ ਸਕੂਲ ਬਦਲੀ ਕਰ ਗਏ ਅਤੇ ਬਾਕੀ ਦੇ 110 ਵਿੱਚੋਂ ਵੀ ਕਦੇ ਪੰਜਾਹ ਦਾ ਅੰਕੜਾ ਪਾਰ ਨਹੀਂ ਹੋਇਆ ।ਇਹੀ ਹਾਲ ਝੰਡੂਕੇ,ਆਹਲੂਪੁਰ,ਮੀਰਪੁਰ ਕਲਾਂ,ਕੁਸਲਾ ,ਕਰੰਡੀ ਅਤੇ ਸੰਘਾ ਪਿੰਡਾਂ ਦੇ ਸਕੂਲਾਂ ਦਾ ਹੈ।ਜਦੋਂ ਸਕੂਲ ਮੁਖੀਆਂ ਨਾਲ ਇਸ ਸਬੰਧੀ  ਗੱਲਬਾਤ ਕੀਤੀ ਤਾਂ ਉਨ੍ਹਾਂ ਦੱਸਿਆ ਕਿ ਬਾਰਵੀ ਜਮਾਤ ਦੀਆਂ ਕੁੜੀਆਂ ਤਾਂ ਜਮਾਤ ਪਾਸ ਕਰਕੇ ਕਾਲਜਾਂ ਵਿੱਚ ਦਾਖਲ ਹੋ ਗਈਆਂ ਹਨ ਅਤੇ ਗਿਆਰਵੀ ਵਾਲੀਆਂ ਬਹੁਤੀਆਂ ਕੁੜੀਆਂ ਸਾਇਕਲ ਸਕੂਲ ਲਿਆਉਣੇ ਪਸੰਦ ਹੀ ਨਹੀਂ ਕਰਦੀਆਂ । ਜਦੋਂ ਇਸ ਸਬੰਧੀ ਇੱਕ ਸਕੂਲ ਦੀ ਬਾਰਵ੍ਹੀ ਜਮਾਤ ਵਿੱਚ ਪੜ੍ਹਦੀ ਕੁੜੀ ਵੀਰਪਾਲ ਕੌਰ ਨਾਲ ਗੱਲਬਾਤ ਕੀਤੀ ਤਾਂ ਉਸਨੇ ਦੱਸਿਆ ਸਾਇਕਲਾਂ ਦਾ ਸਮਾਨ ਮਾੜੇ ਪੱਧਰ ਦਾ ਹੋਣ ਕਰਕੇ ਬਹੁਤੇ ਸਾਇਕਲ ਤਾਂ ਨਕਾਰਾ ਹੀ ਹੋ ਗਏ ਹਨ । ਜਿਹੜੀਆਂ ਕੁੜੀਆਂ ਪਿੰਡ ਦੇ ਸਕੂਲ ਵਿੱਚ ਹੀ ਪੜ੍ਹਦੀਆਂ ਹਨ ਉਹ ਸਹੇਲੀਆਂ ਨਾਲ ਤੁਰ ਕੇ ਸਕੂਲ ਆਉਂਣ ਨੂੰ ਪਹਿਲ ਦਿੰਦੀਆਂ ਹਨ ਅਤੇ ਜੋ ਦੂਸਰੇ ਪਿੰਡਾਂ ਤੋਂ ਆਉਂਦੀਆਂ ਹਨ ਉਸ ਬੱਸਾਂ ਆਦਿ ’ਤੇ ਆਉਂਦੀਆਂ ਹਨ ਇਸੇ ਲਈ ਸਕੀਮ ਵਾਲੇ ਇਹ ਸਾਇਕਲ ਘਰਾਂ ਵਿੱਚ ਹੀ ਖੜ੍ਹੇ ਹਨ । ਬਹੁਤੇ ਅਧਿਆਪਕ ਇਸ ਸਕੀਮ ਨੂੰ ਫ਼ੇਲ ਮੰਨ ਰਹੇ ਹਨ । ਕਈ ਸਕੂਲ ਮੁਖੀਆਂ ਨੇ ਕਿਹਾ ਚੰਗਾ ਹੁੰਦਾ ਜੇਕਰ ਇਹ ਸਾਇਕਲ ਕੁੜੀਆਂ ਨੂੰ ਸਿੱਧੇ ਦੇਣ ਦੀ ਥਾਂ ਸਕੂਲਾਂ ਨੂੰ ਦਿੱਤੇ ਜਾਂਦੇ ਤਾਂ ਕਿ ਹਰ ਸਾਲ ਨਵੀਆਂ ਕੁੜੀਆਂ ਨੂੰ ਦਿੱਤੇ ਜਾ ਸਕਦੇ । ਕਾਂਗਰਸੀ ਵਿਧਾਇਕ ਅਜੀਤ ਇੰਦਰ ਸਿੰਘ ਮੋਫਰ  ਨੇ ਅਕਾਲੀ ਸਰਕਾਰ ਦੀ ਇਸ ਸਕੀਮ ਨੂੰ ਵਿਦਿਆਰਥੀਆਂ ਦੇ ਭਲੇ ਵਾਲੀ ਨਾ ਹੋ ਕੇ ਕੇਵਲ ਤੇ ਕੇਵਲ ਵੋਟ ਬੈਂਕ ਪੱਕਾ ਕਰਨ ਦੀ  ਸਕੀਮ ਦੱਸਦਿਆਂ ਕਿਹਾ ਵੋਟਾਂ ਦੇ ਦਿਨਾਂ ਵਿੱਚ ਜਦੋਂ ਚਾਲੂ  ਵਿਦਿਅਕ ਸੈਵਿੱਚ ਸਿਰਫ਼ ਇੱਕ ਮਹੀਨਾ ਹੀ ਬਾਕੀ ਰਹਿੰਦਾ ਸੀ ਤਾਂ ਇਹ ਸਾਇਕਲ ਵੰਡਣੇ ਕਿਧਰ ਦਾ ਭਲੇ ਵਾਲਾ ਕਾਰਜ਼ ਹੈ। ਚੰਗਾ ਹੋਵੇ ਜੇਕਰ ਅਕਾਲੀ ਸਰਕਾਰ ਸਾਇਕਲਾਂ ਦੀ ਵਿਦਿਆਰਥੀਆਂ ਨੂੰ ਪੜ੍ਹਾਉਂਣ ਵਾਲੇ ਅਧਿਆਪਕ ਅਤੇ ਬੈਠਣ ਵਾਲੇ ਸਕੂਲ ਦੇਵੇ । ਹੈਰਾਨੀ ਹੈ ਕਿ ਪੰਜਾਬ ਦੀ ਸਿੱਖਿਆ ’ਤੇ ਹਰ ਸਾਲ 5600 ਕਰੋੜ ਖਰਚ ਕੇ ਵੀ ਨਤੀਜ਼ੇ ਨਹੀ ਮਿਲ ਰਹੇ । ਉਨ੍ਹਾ ਕਿਹਾ ਅਸਲ ਵਿੱਚ ਸਰਕਾਰ ਵਿਦਿਆਰਥੀਆਂ ਦੇ ਪੈਸੇ ਬੇ-ਲੋੜੀਆਂ ਸਕੀਮਾਂ ’ਤੇ ਰੋੜ੍ਹ ਕੇ ਆਪਣੀਆਂ ਵੋਟਾ ਅਤੇ ਆਪਣੇ ਚਹੇਤਿਆਂ ਦੀ ਜ਼ੇਬਾਂ ਭਰਨ ਵਿੱਚ ਲੱਗੀ ਹੋਈ ਹੈ ।


Share this article :

Post a Comment

 
Support : Creating Website | Johny Template | Mas Template
Copyright © 2011. SAFALSOCHNEWS - All Rights Reserved
Template Created by Creating Website Published by Mas Template
Proudly powered by Blogger