ਸ੍ਰੀ ਮੁਕਤਸਰ ਸਾਹਿਬ, 5 ਨਵੰਬਰ (ਕਿਸਾਨਾਂ ਨੂੰ ਖੇਤੀ ਨਾਲ‑ਨਾਲ ਪਸ਼ੂ ਪਾਲਣ ਦੇ ਸਹਾਇਕ ਧੰਦੇ ਵੱਲ ਵੱਧ ਤੋਂ ਵੱਧ ਪ੍ਰੇਰਿਤ ਕਰਨ ਲਈ ਰਾਜ ਦਾ ਪਸ਼ੂ ਪਾਲਣ ਵਿਭਾਗ ਪਸ਼ੂ ਪਾਲਕਾਂ ਲਈ ਅਨੇਕਾਂ ਲਾਭਕਾਰੀ ਸਕੀਮਾਂ ਲੈ ਕੇ ਆ ਰਿਹਾ ਹੈ। ਰਾਜ ਵਿਚ ਦੁੱਧ ਉਤਪਾਦਨ ਅਤੇ ਮਾਸ ਉਤਪਾਦਨ ਦੀਆਂ ਚੋਖੀਆਂ ਸੰਭਾਵਨਾਵਾਂ ਹਨ ਜਿਸ ਕਾਰਨ ਪੰਜਾਬ ਸਰਕਾਰ ਪਸ਼ੂ ਪਾਲਣ ਦੇ ਕਿੱਤੇ ਨੂੰ ਪ੍ਰਫੁੱਲਿਤ ਕਰਨ ਤੇ ਇਸ ਸਮੇਂ ਵਿਸੇਸ਼ ਜੋਰ ਦੇ ਰਹੀ ਹੈ। ਇਹ ਜਾਣਕਾਰੀ ਵਿਭਾਗ ਦੇ ਡਿਪਟੀ ਡਾਇਰੈਕਟਰ ਡਾ: ਨਰੇਸ਼ ਸਚਦੇਵਾ ਨੇ ਦਿੱਤੀ।ਡਾ: ਨਰੇਸ਼ ਸਚਦੇਵਾ ਨੇ ਦੱਸਿਆ ਕਿ ਇਸ ਸਬੰਧੀ ਜ਼ਿਲ੍ਹੇ ਦੇ ਸਾਰੇ ਵੈਟਰਨੀ ਅਫਸਰਾਂ ਨੂੰ ਸਖ਼ਤ ਹਦਾਇਤਾਂ ਕੀਤੀਆਂ ਗਈਆਂ ਹਨ ਕਿ ਵਿਭਾਗ ਦੀਆਂ ਸਕੀਮਾਂ ਦਾ ਫਾਇਦਾ ਪਸ਼ੂ ਪਾਲਕਾਂ ਤੱਕ ਪੁੱਜਦਾ ਕਰਨ ਲਈ ਸਖ਼ਤ ਮਿਹਨਤ ਨਾਲ ਕੰਮ ਕੀਤਾ ਜਾਵੇ। ਉਨ੍ਹਾਂ ਵਿਭਾਗ ਦੀਆਂ ਵੱਖ ਵੱਖ ਸਕੀਮਾਂ ਬਾਰੇ ਜਾਣਕਾਰੀ ਦਿੰਦਿਆਂ ਦੱਸਿਆ ਕਿ ਪਸ਼ੂਆਂ ਵਿਚ ਖੁਰਾਕੀ ਕਮੀ ਨੂੰ ਧਿਆਨ ਵਿਚ ਰੱਖਦਿਆਂ ਪਸ਼ੂ ਪਾਲਣ ਵਿਭਾਗ ਵੱਲੋ ਯੂਰੋਮੋਲ ਬਰਿਕ ਤਿਆਰ ਕਰਵਾਕੇ ਅੱਧੇ ਰੇਟ ਤੇ ਕਿਸਾਨਾਂ ਨੂੰ ਦਿੱਤੀ ਜਾਵੇਗੀ। ਉਨ੍ਹਾਂ ਕਿਹਾ ਕਿ 3 ਕਿੱਲੋ ਦੀ ਇਹ ਇਟ‑ਨੁਮਾ ਖੁਰਾਕ ਕਿਸਾਨ ਨੂੰ ਕੇਵਲ 33 ਰੁਪਏ ਵਿਚ ਮਿਲੇਗੀ। ਇਸ ਨੂੰ ਕਿਸਾਨ ਨੇ ਪਸ਼ੂਆਂ ਦੀ ਖੁਰਲੀ ਵਿਚ ਰੱਖ ਦੇਣਾ ਹੈ ਜਿੱਥੇ ਪਸ਼ੂ ਇਸ ਨੂੰ ਚੱਟਦੇ ਰਹਿਣਗੇ। ਇਹ ਇਕ ਇੱਟ ਇਕ ਮਹੀਨੇ ਲਈ ਕਾਫੀ ਹੈ। ਇਹ ਪ੍ਰੋਟਿਨ ਦਾ ਸੋਮਾ ਹੋਵੇਗੀ ਅਤੇ ਇਸ ਦੀ ਵਰਤੋਂ ਨਾਲ ਪਸ਼ੂਆਂ ਦੀ ਖੁਰਾਕ ਵਿਚ ਖਲ ਦੀ ਮਾਤਰਾ ਘਟਾ ਕੇ ਕਿਸਾਨ ਆਪਣੇ ਲਾਗਤ ਖਰਚੇ ਘੱਟ ਕਰ ਸਕਦਾ ਹੈ। ਇਹ ਇੱਟ ਯੂਰੀਆ ਅਤੇ ਸ਼ੀਰੇ ਦੇ ਮਿਸ਼ਰਣ ਤੋਂ ਤਿਆਰ ਕੀਤੀ ਗਈ ਹੈ। ਇਹ ਇੱਟ ਪ੍ਰਾਪਤ ਕਰਨ ਲਈ ਕਿਸਾਨ ਆਪਣੇ ਨੇੜੇ ਦੇ ਬਲਾਕ ਪੱਧਰ ਦੇ ਪਸ਼ੂ ਹਸਪਤਾਲ ਵਿਚ ਸੰਪਰਕ ਕਰ ਸਕਦੇ ਹਨ।
ਉਨ੍ਹਾਂ ਕਿਹਾ ਕਿ ਪਸ਼ੂ ਪਾਲਣ ਵਿਚ ਤਕਨੀਕੀ ਗਿਆਨ ਦਾ ਵਿਸ਼ੇਸ ਮਹੱਤਵ ਹੁੰਦਾ ਹੈ। ਤਕਨੀਕੀ ਗਿਆਨ ਦੇ ਪ੍ਰਸਾਰ ਤੇ ਪੰਜਾਬ ਸਰਕਾਰ ਵਿਸੇਸ਼ ਜੋਰ ਦੇ ਰਹੀ ਹੈ। ਕਿਸਾਨਾਂ ਨੂੰ ਨਵੀਂਆਂ ਅਤੇ ਵਿਗਿਆਨਕ ਪਸ਼ੂ ਪਾਲਣ ਤਕਨੀਕਾਂ ਬਾਰੇ ਜਾਣਕਾਰੀ ਦੇਣ ਲਈ ਵਿਭਾਗ ਵੱਲੋਂ ਆਉਣ ਵਾਲੇ ਦਿਨਾਂ ਵਿਚ 6 ਬਲਾਕ ਪੱਧਰ ਅਤੇ 2 ਜ਼ਿਲ੍ਹਾ ਪੱਧਰ ਦੇ ਕੈਂਪ ਜ਼ਿਲ੍ਹੇ ਵਿਚ ਲਗਾਉਣ ਦਾ ਪ੍ਰੋਗਰਾਮ ਉਲੀਕਿਆ ਗਿਆ ਹੈ। ਇਸ ਤੋਂ ਇਲਾਵਾ ਪਸ਼ੂਧਨ ਵਿਕਾਸ ਬੋਰਡ ਵੱਲੋਂ 19 ਪਿੰਡ ਪੱਧਰ ਦੇ ਫਰਟੀਲਿਟੀ ਕੈਂਪ ਵੀ ਲਗਾਏ ਜਾ ਰਹੇ ਹਨ। ਉਨ੍ਹਾਂ ਕਿਹਾ ਕਿ ਆਮ ਤੌਰ ਤੇ ਪਿੰਡਾਂ ਵਿਚ ਪਸ਼ੂਆਂ ਦੀ ਸਾਂਭ ਸੰਭਾਲ ਪਰਿਵਾਰ ਦੀਆਂ ਔਰਤਾਂ ਕਰਦੀਆਂ ਹਨ ਇਸ ਲਈ ਅਜਿਹੇ ਕੈਂਪ ਵਿਚ ਔਰਤਾਂ ਦੀ ਵੱਧ ਤੋਂ ਵੱਧ ਸਮੁਲੀਅਤ ਯਕੀਨੀ ਬਣਾਉਣ ਲਈ ਪ੍ਰਤੀ ਕੈਂਪ 20 ਔਰਤ ਲਾਭਪਾਤਰੀਆਂ ਨੂੰ ਮਾਣਭੱਤਾ ਵੀ ਦਿੱਤਾ ਜਾਵੇਗਾ।ਉਨ੍ਹਾਂ ਕਿਸਾਨਾਂ ਨੂੰ ਪਸ਼ੂ ਪਾਲਣ ਦੇ ਧੰਦੇ ਨੂੰ ਅਪਨਾਉਣ ਦੀ ਸਲਾਹ ਦਿੰਦਿਆਂ ਕਿਹਾ ਕਿ ਰਾਜ ਸਰਕਾਰ ਇਸ ਕਿੱਤੇ ਨਾਲ ਸਬੰਧਤ ਹਰ ਪ੍ਰਕਾਰ ਦੀ ਮਦਦ ਕਰਦੀ ਹੈ। ਉਨ੍ਹਾਂ ਦੱਸਿਆ ਕਿ ਵਿਭਾਗ ਵੱਲੋਂ ਪਸ਼ੂਆਂ ਦੇ ਬੀਮੇ ਕੀਤੇ ਜਾ ਰਹੇ ਹਨ ਅਤੇ ਬੀਮਾ ਕਰਵਾਉਣ ਲਈ ਲਗਦੇ ਪ੍ਰੀਮਿਅਮ ਦਾ 50 ਫੀਸਦੀ ਹਿੱਸਾ ਪੰਜਾਬ ਸਰਕਾਰ ਵੱਲੋਂ ਅਦਾ ਕੀਤਾ ਜਾਂਦਾ ਹੈ।
ਪਸ਼ੂ ਪਾਲਣ ਵਿਭਾਗ ਦੇ ਡਿਪਟੀ ਡਾਇਰੈਕਟਰ ਡਾ: ਨਰੇਸ਼ ਸਚਦੇਵਾ ਪ੍ਰੋਟੀਨ ਯੁਕਤ ਯੂਰੋਮੋਲ ਬਰਿਕ ਦਾ ਪੈਕੇਟ ਵਿਖਾਉਂਦੇ ਹੋਏ।


Post a Comment