ਤਲਵੰਡੀ ਸਾਬੋ,9 ਨਵੰਬਰ(ਰਣਜੀਤ ਸਿੰਘ ਰਾਜੂ)-ਡੇਰਾ ਰਾਧਾ ਸੁਆਮੀ ਬਿਆਸ ਮੁਖੀ ਬਾਬਾ ਗੁਰਿੰਦਰ ਸਿੰਘ ਢਿੱਲੋਂ ਆਪਣੇ ਸਾਥੀਆਂ ਦੇ ਕਾਫਲੇ ਸਮੇਤ ਗੁਰਦੁਆਰਾ ਦਾਦੂ ਸਾਹਿਬ (ਸਿਰਸਾ) ਵਿਖੇ ਪਹੁੰਚੇ ਜਿੱਥੇ ਉਨ੍ਹਾਂ ਨੇ ਗੁਰਦੁਆਰਾ ਸਾਹਿਬ ਵਿਖੇ ਮੱਥਾ ਟੇਕਿਆ । ਡੇਰਾ ਬਿਆਸ ਦੇ ਨੇੜਲੇ 25-30 ਸਾਥੀਆਂ ਸਮੇਤ ਅਚਾਨਕ ਪਹੁੰਚੇ ਡੇਰਾ ਮੁਖੀ ਨੇ ਇਸ ਅਸਥਾਨ ਦੇ ਮੁੱਖ ਸੇਵਾਦਾਰ ਅਤੇ ਪੰਥਕ ਸੇਵਾ ਲਹਿਰ (ਦਾਦੂ ਸਾਹਿਬ) ਦੇ ਮੁਖੀ ਸੰਤ ਬਲਜੀਤ ਸਿੰਘ ਦਾਦੂਵਾਲ ਨਾਲ ਲੰਬਾ ਸਮਾਂ ਵਿਚਾਰਾਂ ਕੀਤੀਆਂ । ਭਰੋਸੇਯੋਗ ਸੂਤਰਾਂ ਤੋਂ ਪਤਾ ਲੱਗਾ ਹੈ ਕਿ ਡੇਰਾ ਮੁਖੀ ਪਿੰਡ ਵੜੈਚ ਵਿਖੇ ਢਾਹੇ ਗਏ ਗੁਰਦੁਆਰੇ ਦੇ ਮਸਲੇ ਨੂੰ ਪੰਥ ਨਾਲ ਟਕਰਾਅ ਵਾਲੀ ਸਥਿਤੀ ਵਿਚ ਨਾ ਪੈਂਦੇ ਹੋਏ ਗੱਲਬਾਤ ਰਾਹੀਂ ਹੱਲ ਕਰਨਾ ਚਾਹੁੰਦੇ ਹਨ । ਸੰਤ ਦਾਦੂਵਾਲ ਨਾਲ ਡੇਰਾ ਬਿਆਸ ਮੁਖੀ ਨੇ ਗੁਰਬਾਣੀ ਦੀ ਮਹੱਤਤਾ ਬਾਰੇ ਲੰਬੀਆਂ ਵਿਚਾਰਾਂ ਕੀਤੀਆਂ ਅਤੇ ਸੰਤ ਦਾਦੂਵਾਲ ਵੱਲੋਂ ਸਿੱਖ ਧਰਮ ਦੀ ਸਰਵਉਚਤਾ ਅਤੇ ਸ਼ਾਨਾਮੱਤੇ ਇਤਹਾਸਕ ਤੱਥਾਂ ਸਬੰਧੀ ਕੀਤੀਆਂ ਗੁਰਮਤਿ ਵਿਚਾਰਾਂ ਤੋਂ ਡੇਰਾ ਮੁਖੀ ਕਾਫੀ ਪ੍ਰਭਾਵਿਤ ਹੋਏ । ਵੜੈਚ ਪੱਤੀ ਵਿਚ ਢਾਹੇ ਗਏ ਗੁਰਦੁਆਰਾ ਸਾਹਿਬ ਦੇ ਮਸਲੇ ਨੂੰ ਭਾਵੇਂ ਜਥੇਦਾਰਾਂ ਨੇ ਅਣਗੌਲਿਆ ਕਰਨ ਦੀ ਕੋਸ਼ਿਸ਼ ਕੀਤੀ ਪਰ ਪੰਥਕ ਜਥੇਬੰਦੀਆਂ ਅਤੇ ਸਿੱਖ ਸੰਗਤਾਂ ਦੀਆਂ ਧਾਰਮਿਕ ਭਾਵਨਾਵਾਂ ਨੂੰ ਸਮਝਦੇ ਹੋਏ ਰਾਧਾ ਸੁਆਮੀ ਮੁਖੀ ਵੱਲੋਂ ਖੁਦ ਸ੍ਰੀ ਦਰਬਾਰ ਸਾਹਿਬ ਅੰਮ੍ਰਿਤਸਰ ਵਿਖੇ ਜਾ ਕੇ ਮੱਥਾ ਟੇਕਣਾ ਅਤੇ ਇਸ ਮਸਲੇ ਨੂੰ ਸ਼ਾਂਤਮਈ ਤਰੀਕੇ ਨਾਲ ਹੱਲ ਕਰਨ ਲਈ ਪਹਿਲ ਕਦਮੀ ਦਾ ਸਮੁੱਚੇ ਅਮਨ ਪਸੰਦ ਲੋਕਾਂ ਨੇ ਸਵਾਗਤ ਕੀਤਾ ਹੈ। ਗੌਰਤਲਬ ਹੈ ਕਿ 1978 ਤੋਂ ਬਾਅਦ ਪੰਜਾਬ ਵਿਚ ਚੱਲੇ ਖੂਨੀ ਟਕਰਾਅ ਸਮੇਂ ਵੀ ਡੇਰਾ ਬਿਆਸ ਦੇ ਪ੍ਰਬੰਧਕਾਂ ਅਤੇ ਪੈਰੋਕਾਰਾਂ ਨੇ ਸਿੱਖ ਪੰਥ ਨਾਲ ਕਿਸੇ ਵੀ ਸਿੱਧੇ ਟਕਰਾਅ ਵਿਚ ਪੈਣ ਤੋਂ ਗੁਰੇਜ਼ ਰੱਖਿਆ ਅਤੇ ਭਾਈਚਾਰਾ ਬਣਾਉਣ ਦੀ ਕੋਸ਼ਿਸ਼ ਕੀਤੀ । ਇਨ੍ਹਾਂ ਮੁਲਾਕਾਤਾਂ ਤੋਂ ਇਕ ਗੱਲ ਜ਼ਰੂਰ ਸਪੱਸ਼ਟ ਹੋ ਰਹੀ ਹੈ ਕਿ ਸਿੱਖ ਪੰਥ ਅਤੇ ਰਾਧਾ ਸੁਆਮੀਆਂ ਵਿਚਕਾਰ ਵੜੈਚ ਪੱਤੀ ਦੇ ਗੁਰਦੁਆਰਾ ਸਾਹਿਬ ਨੂੰ ਲੈ ਕੇ ਚੱਲ ਰਿਹਾ ਵਿਵਾਦ ਸ਼ਾਂਤਮਈ ਤਰੀਕੇ ਨਾਲ ਜਲਦੀ ਹੱਲ ਹੋ ਜਾਣ ਦੀ ਸੰਭਾਵਨਾ ਹੈ । ਡੇਰਾ ਬਿਆਸ ਮੁਖੀ ਨੇ ਸੰਤ ਦਾਦੂਵਾਲ ਨੂੰ ਸ੍ਰੀ ਦਰਬਾਰ ਸਾਹਿਬ ਅੰਮ੍ਰਿਤਸਰ ਦੀ ਆਪਣੇ ਨਾਲ ਲਿਆਂਦੀ ਹੋਈ ਇਕ ਵੱਡੇ ਆਕਾਰ ਦੀ ਪੇਂਟਿੰਗ ਕੀਤੀ ਹੋਈ ਤਸਵੀਰ ਭੇਂਟ ਕੀਤੀ ਅਤੇ ਆਪਣੇ ਸਾਥੀਆਂ ਸਮੇਤ ਗੁਰੂ ਕਾ ਲੰਗਰ ਵੀ ਛਕਿਆ।



Post a Comment