ਸੁਲਤਾਨਪੁਰ ਲੋਧੀ 7 ਨਵੰਬਰ/ਸ੍ਰੀ ਗੁਰੂ ਨਾਨਕ ਦੇਵ ਜੀ ਦੇ 543ਵੇਂ ਗੁਰਪੁਰਬ ਦੀਆ ਤਿਆਰੀਆਂ ਵਜੋਂ ਸੰਤ ਬਲਬੀਰ ਸਿੰਘ ਸੀਚੇਵਾਲ ਜੀ ਵੱਲੋਂ ਸੰਗਤਾਂ ਦੇ ਸਹਿਯੋਗ ਨਾਲ ਪਵਿੱਤਰ ਨਗਰੀ ਤੋਂ ਡੱਲਾ ਸਾਹਿਬ ਨੂੰ ਜਾਂਦੀ ਸੜਕ ਦੀਆਂ ਬਰਮਾਂ ਪੂਰੀਆਂ ਕਰਨ ਦੀ ਕਾਰ ਸੇਵਾ ਅੰਮ੍ਰਿਤ ਵੇਲੇ 5 ਤੋਂ 8 ਵਜੇ ਤੱਕ ਰੋਜ਼ਾਨਾ ਜਾਰੀ ਹੈ। ਇਹ ਸੜਕ 22 ਫੁੱਟ ਹੈ ਜਿਸ ਵਿੱਚੋਂ 18 ਫੁੱਟ ਸੜਕ ਅਤੇ 2-2 ਫੁੱਟ ਦੋਵੇਂ ਬੰਨੇ ਬਰਮਾਂ ਹਨ। ਸੜਕ ਦੀਆਂ ਬਰਮਾਂ ਘੱਟ ਹੋਣ ਕਾਰਨ ਅਤੇ ਖੇਤਾਂ ਦੀ ਡੂੰਘਾਈ ਜਿਆਦਾ ਹੋਣ ਕਰਕੇ ਸਾਲ ਭਰ 'ਚ ਬਹੁਤ ਸਾਰੇ ਵੱਡੇ ਸਾਧਨ ਖੇਤਾਂ ਵਿੱਚ ਪਲਟ ਜਾਂਦੇ ਹਨ। ਗੁਰਪੁਰਬ ਮੌਕੇ ਆ ਰਹੀਆਂ ਸੰਗਤਾਂ ਦੀ ਸੁਰੱਖਿਆ ਲਈ ਦੋ ਦਿਨ ਤੋਂ ਡੱਲਾ ਸਾਹਿਬ ਰੋਡ ਦੀਆਂ ਬਰਮਾਂ ਪੂਰੀਆਂ ਕਰਨ ਲਈ ਚੱਲ ਰਹੀ ਕਾਰ ਸੇਵਾ ਵਿੱਚ ੴ ਸਮਾਜ ਭਲਾਈ ਸੰਸਥਾ ਸੀਚੇਵਾਲ ਦੇ ਮੈਂਬਰ, ਸੰਤ ਅਵਤਾਰ ਸਿੰਘ ਯਾਦਗਾਰੀ ਕਾਲਜ ਦੇ ਵਿਦਿਆਰਥੀ, ਨਿਰਮਲ ਕੁਟੀਆ ਸੁਲਤਾਨਪੁਰ ਲੋਧੀ, ਸੀਚੇਵਾਲ, ਤਲਵੰਡੀ ਮਾਧੋ, ਸੋਹਲ ਖਾਲਸਾ ਦੇ ਸੇਵਾਦਾਰ ਅਤੇ ਅਹਿਮਦਪੁਰ, ਵਾੜਾ ਜਗੀਰ, ਕੋਟਲਾ ਹੇਰ ਆਦਿ ਪਿੰਡਾਂ ਦੀ ਸੰਗਤ ਵੱਲੋਂ ਪੂਰਾ ਸਹਿਯੋਗ ਦਿੱਤਾ ਜਾ ਰਿਹਾ ਹੈ।ਇਸ ਮੌਕੇ ਕਾਰ ਸੇਵਾ ਦੌਰਾਨ ਸੰਤ ਸੀਚੇਵਾਲ ਜੀ ਨੇ ਜਾਣਕਾਰੀ ਦਿੱਤੀ ਕਿ ਪਹਿਲੀ ਪਾਤਸ਼ਾਹੀ ਸ੍ਰੀ ਗੁਰੂ ਨਾਨਕ ਦੇਵ ਜੀ ਦੇ ਗੁਰਪੁਰਬ ਦੌਰਾਨ ਪਵਿੱਤਰ ਨਗਰੀ ਵਿੱਚ ਕਰਵਾਏ ਜਾਂਦੇ ਇਤਿਹਾਸਿਕ ਸਮਾਮਗਾਂ ਵਿੱਚ ਸ਼ਾਮਿਲ ਹੋਣ ਲਈ ਦੇਸ ਵਿਦੇਸ਼ ਤੋਂ ਲੱਖਾਂ ਸੰਗਤਾਂ ਹਰ ਸਾਲ ਪਹੁੰਚਦੀਆਂ ਹਨ। ਉਨ੍ਹਾਂ ਕਿਹਾ ਕਿ ਪਵਿੱਤਰ ਨਗਰੀ ਸੁਲਤਾਨਪੁਰ ਲੋਧੀ ਨੂੰ ਆਉਂਦੇ ਸਾਰੇ ਮੁਖ ਮਾਰਗਾਂ ਦੀਆਂ ਬਰਮਾਂ ਪੂਰੀਆਂ ਕੀਤੀਆਂ ਜਾਣਗੀਆਂ। ਉਨ੍ਹਾਂ ਕਿਹਾ ਕਿ ਪਵਿੱਤਰ ਨਗਰੀ ਸੁਲਤਾਨ ਪੁਰ ਲੋਧੀ ਦੀ ਸਾਫ ਸਫਾਈ ਲਈ ਸ਼ਹਿਰ ਵਾਸੀਆਂ ਅਤੇ ਪਿੰਡਾਂ ਦੀਆਂ ਸੰਗਤਾਂ ਦੇ ਸਹਿਯੋਗ ਨਾਲ ਮੁਹਿੰਮ ਆਰੰਭੀ ਜਾਵੇਗੀ।ਇਸ ਮੌਕੇ ਸੰਤ ਸੀਚੇਵਾਲ ਜੀ ਵੱਲੋਂ ਸਾਰੀਆਂ ਸੰਗਤਾਂ ਨੂੰ ਅਪੀਲ ਕੀਤੀ ਗਈ ਕਿ ਦੁਨੀਆਂ ਭਰ ਵਿੱਚੋਂ ਪਵਿੱਤਰ ਨਗਰੀ ਦੇ ਦਰਸ਼ਨਾਂ ਲਈ ਆ ਰਹੀਆਂ ਸੰਗਤਾਂ ਦੀਆਂ ਬੁਨਿਆਦੀ ਲੋੜਾਂ ਪੂਰੀਆਂ ਕਰਨ ਲਈ ਸਾਰੇ ਰਲ ਮਿਲ ਆਪਣਾ ਬਣਦਾ ਯੋਗਦਾਨ ਪਾਈਏ।

Post a Comment