ਲੁਧਿਆਣਾ (ਸਤਪਾਲ ਸੋਨੀ ) ਹਰ ਸਾਲ ਦੀ ਤਰ੍ਹਾਂ ਇਸ ਸਾਲ ਵੀ ਗੁਰਦੁਆਰਾ ਨਾਨਕਸਰ, ਸਮਰਾਲਾ ਚੌਂਕ, ਲੁਧਿਆਣਾ ਵਿਖੇ ਧੰਨ ਧੰਨ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਦੀ ਅਪਾਰ ਕਿਰਪਾ ਸਦਕਾ ਅਤੇ ਬਾਬਾ ਜਸਵੰਤ ਸਿੰਘ ਜੀ ਦੀ ਯੋਗ ਅਗਵਾਈ ਹੇਠ ਸਾਲਾਨਾ ਮਹਾਨ ਗੁਰਮਤਿ ਸਮਾਗਮ ਮਿਤੀ 29 ਨਵੰਬਰ ਤੋਂ 2 ਦਸੰਬਰ 2012 ਤੱਕ ਬੜੀ ਸ਼ਰਧਾ, ਸਤਿਕਾਰ ਅਤੇ ਉਤਸ਼ਾਹ ਨਾਲ ਮਨਾਇਆ ਜਾ ਰਿਹਾ ਹੈ। ਜਿਸ ਵਿੱਚ ਦੇਸ਼ ਤੋਂ ਹੀ ਨਹੀਂ ਵਿਦੇਸ਼ਾਂ ਤੋਂ ਵੀ ਸੰਗਤਾਂ ਆ ਕੇ ਹਾਜਰੀਆਂ ਭਰਦੀਆਂ ਹਨ।ਸਮਾਗਮ ਸਬੰਧੀ ਜਾਣਕਾਰੀ ਦਿੰਦਿਆਂ ਸ. ਕਿਰਪਾਲ ਸਿੰਘ ਨੇ ਦੱਸਿਆ ਕਿ ਸਮਾਗਮ ਦੌਰਾਨ 29 ਨਵੰਬਰ ਨੂੰ 21 ਸ੍ਰੀ ਅਖੰਡ ਪਾਠ ਸਵੇਰੇ 10 ਵਜੇ ਆਰੰਭ ਕੀਤੇ ਜਾਣਗੇ, ਜਿਨ੍ਹਾਂ ਦੇ ਭੋਗ ਮਿਤੀ 01 ਦਸੰਬਰ ਨੂੰ ਪੈਣਗੇ, ਜਿਸ ਉਪਰੰਤ ਗੁਰਬਾਣੀ ਕੀਰਤਨ ਅਤੇ ਸੰਤ ਸਮਾਗਮ ਹੋਣਗੇ। ਇਸ ਦੌਰਾਨ ਬਾਬਾ ਜਸਵੰਤ ਸਿੰਘ ਜੀ ਦੀ ਸਰਪ੍ਰਸਤੀ ਹੇਠ 30 ਨਵੰਬਰ ਨੂੰ ਭਾਰੀ ਅੰਮ੍ਰਿਤ ਸੰਚਾਰ ਹੋਵੇਗਾ। 02 ਦਸੰਬਰ ਦਿਨ ਐਤਵਾਰ ਨੂੰ ਸ਼ਾਮ 4 ਵਜੇ ਤੋਂ ਲੈ ਕੇ ਅਗਲੇ ਦਿਨ ਸੋਮਵਾਰ ਅੰਮ੍ਰਿਤ ਵੇਲੇ ਤੱਕ ਮਹਾਨ ਗੁਰਮਤਿ ਸਮਾਗਮ ਅਤੇ ਅਲੌਕਿਕ ਕੀਰਤਨ ਦਰਬਾਰ ਹੋਣਗੇ। ਜਿਸ ਵਿੱਚ ਪੰਥ ਦੀਆਂ ਮਹਾਨ ਸੱਖਸ਼ੀਅਤਾਂ, ਸਮੂਹ ਸਿੱਖ ਸੰਪ੍ਰਦਾਵਾਂ ਦੇ ਮਹਾਂਪੁਰਖ ਅਤੇ ਪੰਥ ਪ੍ਰਸਿੱਧ ਕੀਰਤਨੀ ਜੱਥੇ ਗੁਰਬਾਣੀ ਕੀਰਤਨ ਅਤੇ ਗੁਰਮਤਿ ਵੀਚਾਰਾਂ ਦੁਆਰਾ ਆਈਆਂ ਸੰਗਤਾਂ ਨੂੰ ਨਿਹਾਲ ਕਰਨਗੇ।
ਉਨ੍ਹਾਂ ਦੱਸਿਆ ਕਿ ਇਨ੍ਹਾਂ ਸਮਾਗਮਾਂ ਦੌਰਾਨ ਬੀ.ਜੇ.ਐਸ. ਡੈਂਟਲ ਕਾਲਜ ਅਤੇ ਹਸਪਤਾਲ ਦੇ ਮਾਹਿਰ ਡਾਕਟਰਾਂ ਵੱਲੋਂ ਦੰਦਾਂ ਦੀਆਂ ਬੀਮਾਰੀਆਂ ਦਾ ਫ੍ਰੀ ਡੈਂਟਲ ਚੈਕਅੱਪ ਕੈਂਪ ਵੀ ਲਗਾਇਆ ਜਾਵੇਗਾ। ਉਨ੍ਹਾਂ ਨੇ ਇਹ ਵੀ ਦਸਿਆ ਕਿ ਗੁਰੂ ਕਾ ਲੰਗਰ ਸਦਾ ਅਤੁੱਟ ਵਰਤਦਾ ਹੀ ਹੈ ਅਤੇ ਵਰਤੇਗਾ।
Post a Comment