ਭੀਖੀ,14ਨਵੰਬਰ-( ਬਹਾਦਰ ਖਾਨ )- ਦੀਵਾਲੀ ਵਾਲੇ ਦਿਨ ਭੀਖੀ ਪੁਲਿਸ ਨੂੰ ਉਸ ਸਮੇਂ ਆਫਤ ਪੈਦਾ ਹੋਈ ਜਦੋਂ ਬਾਅਦ ਦੁਪਹਿਰ ਬੱਸ ਅੱਡੇ ਦੇ ਨੇੜੇ ਮਾਨਸਾ ਰੋਡ ’ਤੇ ਕੈਮੀਕਲ ਦਾ ਭਰਿਆ ਇੱਕ 18 ਟਾਇਰਾਂ ਟੈਂਕਰ ਤਿੰਨ ਸਾਇਕਲ ਸਵਾਰਾਂ ਅਤੇ ਬੇਸਹਾਰਾ ਪਸ਼ੂਆਂ ਨੂੰ ਬਚਾਉਂਦਾ ਹੋਇਆ ਪਲਟ ਗਿਆ ਅਤੇ ਇੱਕ ਵੱਡਾ ਹਾਦਸਾ ਹੋਣੋ ਟਲ ਗਿਆ। ਮੌਕੇ ’ਤੇ ਇਕਤੱਰ ਕੀਤੀ ਜਾਣਕਾਰੀ ਅਨੁਸਾਰ 18 ਟਾਇਰਾਂ ਕੈਂਟਰ ਨੰਬਰ ਪੀ.ਬੀ. 13 ਏ.ਬੀ. 5885 ਜਿਸ ਵਿੱਚ ਲੱਗਭੱਗ 25 ਟਨ ਏਸੀਐਨ ਕੈਮੀਕਲ (ਧਾਗਾ ਬਣਾਉਣ ਵਾਲਾ ਤਰਲ ਪਦਾਰਥ) ਭਰਿਆ ਹੋਇਆ ਸੀ ਅਤੇ ਜਿਸ ਨੂੰ ਰਣਧੀਰ ਸਿੰਘ ਨਾਮੀ ਡਰਾਇਵਰ ਚਲਾ ਰਿਹਾ ਸੀ, ਮਾਨਸਾ ਵਾਲੇ ਪਾਸਿਓਂ ਸੁਨਾਮ ਵੱਲ ਜਾ ਰਿਹਾ ਸੀ ਕਿ ਭੀਖੀ ਸ਼ਹਿਰ ’ਚ ਬੱਸ ਅੱਡੇ ਦੇ ਨੇੜੇ ਪੈਟਰੋਲ ਪੰਪ ਕੋਲ ਅਚਾਨਕ ਹੀ ਤਿੰਨ ਸਾਇਕਲ ਸਵਾਰ ਵਿਅਕਤੀ ਸੜਕ ਵਿਚਾਲੇ ਆ ਗਏ ਅਤੇ ਦੂਜੇ ਪਾਸੇ ਬੇਸਹਾਰਾ ਪਸ਼ੂ ਖੜੇ ਸਨ, ਜਿਵੇਂ ਹੀ ਡਰਾਇਵਰ ਨੇ ਇਨ•ਾਂ ਨੂੰ ਬਚਾਉਣ ਦੀ ਕੋਸ਼ਿਸ਼ ਕੀਤੀ ਤਾਂ ਟੈਂਕਰ ਕੈਮੀਕਲ ਦੇ ਛਲਕ ਜਾਣ ਨਾਲ ਪਲਟ ਗਿਆ। ਬੇਸ਼ੱਕ ਸਾਇਕਲ ਬਿਲਕੁਲ ਚਕਨਾ ਚੂਰ ਹੋ ਗਿਆ ਪਰ ਇਸ ਮੌਕੇ ਤਿੰਨੇ ਵਿਅਕਤੀ ਵਾਲ-ਵਾਲ ਬਚ ਗਏ ਅਤੇ ਤਿਉਹਾਰ ਵਾਲੇ ਦਿਨ ਇੱਕ ਵੱਡਾ ਹਾਦਸਾ ਹੋਣੋ ਟਲ ਗਿਆ। ਟੈਂਕਰ ਦਾ ਸੀਸਾ ਤੋੜਕੇ ਲੋਕਾਂ ਨੇ ਡਰਾਇਵਰ ਰਣਧੀਰ ਸਿੰਘ ਅਤੇ ਉਸ ਨਾਲ ਬੈਠੇ ਕਲੀਨਰ ਕੁਲਦੀਪ ਸਿੰਘ ਨੂੰ ਬਾਹਰ ਕੱਢਿਆ। ਲੋਕਾਂ ਨੂੰ ਖਦਸ਼ਾ ਸੀ ਕਿ ਇਸ ਟੈਂਕਰ ਵਿੱਚ ਭਰੇ ਤਰਲ ਪਦਾਰਥ ਨੂੰ ਜਲਦੀ ਹੀ ਅੱਗ ਲੱਗ ਜਾਂਦੀ ਹੈ ਅਤੇ ਦੀਵਾਲੀ ਦਾ ਦਿਨ ਹੋਣ ਕਰਕੇ ਮੌਕੇ ’ਤੇ ਪਹੁੰਚੀ ਭੀਖੀ ਪੁਲਿਸ ਨੂੰ ਹੱਥਾਂ ਪੈਰਾਂ ਦੀ ਪੈ ਗਈ ਪ੍ਰੰਤੂ ਥਾਣਾ ਮੁਖੀ ਸ੍ਰ. ਹਰਵਿੰਦਰ ਸਿੰਘ ਸਰਾਂ ਦੀ ਸੂਝ ਬੁਝ ਨਾਲ ਪੁਲਿਸ ਪਾਰਟੀ ਨੇ ਦੋ ਐਚ.ਐਮ.ਸੀ. ਕਰੇਨਾਂ ਅਤੇ ਇੱਕ ਟਰਾਲਾ ਗੱਡੀ ਦੀ ਮਦਦ ਨਾਲ ਟੈਂਕਰ ਨੂੰ ਸੁਰੱਖਿਅਤ ਸਿੱਧਾ ਕਰਨ ਦੀ ਕੋਸ਼ਿਸ਼ ਕੀਤੀ, ਪਰ ਅਸਫ਼ਲ ਰਹੇ। ਇਸ ਮੌਕੇ ਕਿਸੇ ਵੀ ਕਿਸਮ ਦੀ ਹੋਰ ਅਣਸੁਖਾਵੀ ਘਟਨਾ ਨੂੰ ਵਾਪਰਨ ਤੋਂ ਰੋਕਣ ਲਈ ਪੁਲਿਸ ਪ੍ਰਸ਼ਾਸਨ ਵੱਲੋਂ ਫਾਇਰ ਬਿਰਗੇਡ ਅਤੇ ਹੋਰ ਪੁਖਤਾ ਪ੍ਰਬੰਧ ਕੀਤੇ ਗਏ ਸਨ। ਇਸ ਟੈਂਕਰ ਵਿਚੋਂ ਉਸ ਤਰਲ ਪਦਾਰਥ ਦੇ ਰਿਸਣ ਕਾਰਨ ਅੱਗ ਲੱਗਣ ਦੇ ਖਦਸ਼ੇ ਨੂੰ ਲੈਕੇ ਲੋਕਾਂ ਅੰਦਰ ਭਾਰੀ ਬੇਚੈਨੀ ਪਾਈ ਜਾ ਰਹੀ ਸੀ ਪ੍ਰੰਤੂ ਜਿਵੇਂ ਹੀ ਲੋਕਾਂ ਨੂੰ ਪਤਾ ਲੱਗਾ ਕਿ ਇਸ ਤਰਲ ਪਦਾਰਥ ਨੂੰ ਅੱਗ ਨਹੀ ਲੱਗਦੀ ਤਾਂ ਲੋਕਾਂ ਨੇ ਦੀਵਾਲੀ ਦੇ ਦਿਨ ਸੁੱਖ ਦਾ ਸਾਂਹ ਲਿਆ। ਥਾਣਾ ਮੁਖੀ ਹਰਵਿੰਦਰ ਸਿੰਘ ਸਰਾਂ ਨੇ ਉਕਤ ਟੈਂਕਰ ਨੂੰ ਰੋਡ ਤੋਂ ਪਾਸੇ ਹਟਵਾਉਣ ਵਿੱਚ ਕਾਫੀ ਮੁਸ਼ੱਕਤ ਕੀਤੀ ਪ੍ਰੰਤੂ ਅਸਫਲ ਰਹਿ ਗਈ। ਲੋਕਾਂ ਨੇ ਪੁਲਿਸ ਵਲੋਂ ਚੁੱਕੇ ਉਕਤ ਕਦਮ ਦੀ ਭਾਵੇਂ ਪੂਰੀ ਸਰਾਹਨਾ ਕੀਤੀ ਹੈ ਪ੍ਰੰਤੂ ਸ਼ਹਿਰ ਅੰਦਰ ਕੋਈ ਫਾਇਰ ਬ੍ਰਿਗੇਡ ਨਾ ਹੋਣ ਕਰਕੇ ਲੋਕਾਂ ਵਿੱਚ ਪੂਰੀ ਰਾਤ ਦਹਿਸ਼ਤ ਦਾ ਮਾਹੌਲ ਹੀ ਬਣਿਆ ਰਿਹਾ। ਪੰਜਾਬ ਮਹਾਵੀਰ ਦਲ ਦੇ ਜਿਲ•ਾ ਸਕੱਤਰ ਰਜਿੰਦਰ ਰਾਜੀ, ਸ਼ਨੀਦੇਵ ਮੰਦਿਰ ਕਮੇਟੀ ਦੇ ਅਸ਼ਵਨੀ ਅਸਪਾਲ, ਵਿਨੌਦ ਕੁਮਾਰ ਵਿੱਕੀ, ਵਿਸ਼ਵ ਮਨੁੱਖੀ ਅਧਿਕਾਰ ਫਾਊਂਡੇਸ਼ਨ ਦੇ ਵੀਰੂ ਸ਼ੇਰਪੁਰੀਆ, ਪਰਮਜੀਤ ਸ਼ਰਮਾਂ, ਲਾਭ ਸਿੰਘ ਕਲੇਰ, ਸੁਰੇਸ਼ ਕੁਮਾਰ ਬਿੰਦਲ ਨੇ ਪ੍ਰਸ਼ਾਸਨ ਤੋਂ ਮੰਗ ਕੀਤੀ ਹੈ ਕਿ ਭੀਖੀ ਅੰਦਰ ਵੀ ਫਾਇਰ ਬ੍ਰਿਗੇਡ ਸਟੇਸ਼ਨ ਦੀ ਸਥਾਪਨਾ ਕੀਤੀ ਜਾਵੇ।

Post a Comment