ਲੁਧਿਆਣਾ (ਸਤਪਾਲ ਸੋਨੀ ) ਨਵੇਂ ਦਾਖਲਾ ਲੈਣ ਵਾਲੇ ਬੀ.ਡੀ.ਐਸ. ਪਹਿਲਾ ਸਾਲ (2012-2013 ਬੈਚ) ਦੇ ਬੱਚਿਆਂ ਨੂੰ ਜੀ ਆਇਆਂ ਕਹਿੰਦਿਆਂ ਉਨ੍ਹਾਂ ਲਈ ਸਵਾਗਤੀ ਸਮਾਰੋਹ ਦਾ ਆਯੋਜਨ ਕੀਤਾ ਗਿਆ। ਇਸ ਪ੍ਰੋਗਰਾਮ ਦਾ ਉਦਘਾਟਨ ਮਾਣਯੋਗ ਚੇਅਰਮੈਨ ਬਾਬਾ ਜਸਵੰਤ ਸਿੰਘ ਜੀ ਵਲੋਂ ਕੀਤਾ ਗਿਆ। ਉਨ੍ਹਾਂ ਨੇ ਇਸ ਕਿੱਤੇ ਨੂੰ ਸਲਾਹਂਦਿਆਂ ਬੱਚਿਆਂ ਨੂੰ ਡਾਕਟਰ ਬਣਨ ਦੇ ਉਨ੍ਹਾਂ ਦੇ ਫੈਸਲੇ ਨੂੰ ਇਕ ਬਹੁਤ ਹੀ ਢੁਕਵਾਂ ਕਦਮ ਦਸੱਦਿਆਂ ਕਿਹਾ ਕਿ ਮਾਨਵਤਾ ਦੀ ਸੇਵਾ ਲਈ ਇਕ ਸੋਹਣਾ ਅਤੇ ਸੁਚੱਜਾ ਫੈਸਲਾ ਹੈ। ਉਨ੍ਹਾਂ ਨੇ ਬੱਚਿਆਂ ਨੂੰ ਉਨ੍ਹਾਂ ਦੇ ਉਜਵੱਲ ਭਵਿੱਖ ਲਈ ਅਸੀਸਾਂ ਦਿੱਤੀਆਂ। ਸ. ਕਿਰਪਾਲ ਸਿੰਘ ਵਾਇਸ ਚੇਅਰਮੈਨ ਨੇ ਵੀ ਬੱਚਿਆਂ ਨੂੰ ਜੀ ਆਇਆਂ ਕਹਿੰਦਿਆਂ ਬੱਚਿਆ ਨੂੰ ਵਿਸ਼ਵਾਸ਼ ਦਿਵਾਇਆ ਕਿ ਮੈਨਜਮੈਂਟ ਅਤੇ ਪੜਾਉਣ ਵਾਲੇ ਫੈਕਲਟੀ ਮੈਂਬਰਾਂ ਵੱਲੋਂ ਉਨ੍ਹਾਂ ਨੂੰ ਦੰਦਾਂ ਦੇ ਮਾਹਿਰ ਅਤੇ ਉੱਚ ਕੋਟੀ ਦੇ ਡਾਕਟਰ ਬਣਾਉਣ ਵਿੱਚ ਕੋਈ ਕਸਰ ਨਹੀਂ ਛੱਡੀ ਜਾਵੇਗੀ।ਪ੍ਰਿੰਸੀਪਲ ਡਾ. ਡੀ.ਐਸ. ਕਲਸੀ ਨੇ ਆਪਣੇ ਭਾਸ਼ਣ ਵਿੱਚ ਮਾਣਯੋਗ ਚੇਅਰਮੈਨ ਅਤੇ ਉਪਸਥਿਤ ਸਾਰੇ ਹਾਜ਼ਰੀਨ ਦਾ ਧੰਨਵਾਦ ਕੀਤਾ ਅਤੇ ਬੱਚਿਆਂ ਨੂੰ ਇਹ ਸਲਾਹ ਦਿੱਤੀ ਕਿ ਉਹ ਵੱਡੀਆਂ-ਵੱਡੀਆਂ ਸ਼ਖਸ਼ੀਅਤਾਂ ਦੇ ਗੁਣਾ ਆਦਿ ਨੂੰ ਅਪਣਾਉਣ ਅਤੇ ਅਜਿਹੇ ਮਨੁੱਖਾਂ ਦੀਆਂ ਆਪਣੇ ਆਪਣੇ ਖੇਤਰ ਵਿੱਚ ਕੀਤੀਆਂ ਪ੍ਰਾਪਤੀਆਂ ਤੋਂ ਸੇਧ ਲੈਣ ਤਾਂ ਜੋ ਡੈਂਟਲ ਸਿੱਖਿਆ ਅਤੇ ਹੈੱਲਥ ਕੇਅਰ ਵਿੱਚ ਇਸ ਇੰਸਟੀਚਿਊਟ ਦਾ ਨਾਮ ਬੁਲੰਦੀਆਂ ਨੂੰ ਛੋਹੇ।ਇਸ ਸਮਾਰੋਹ ਵਿੱਚ ਉਚੇਚੇ ਤੌਰ ਤੇ ਟਰੱਸਟੀ ਸ. ਦਲਬੀਰ ਸਿੰਘ, ਸ. ਬੇਅੰਤ ਸਿੰਘ ਅਤੇ ਡਾ. ਵੀਨਾ ਕਟਾਰੀਆ ਵੀ ਹਾਜਰ ਸਨ।ਸੰਗੀਤ ਸਾਹਿਤ ਦੇ ਇਸ ਰੰਗਾ ਰੰਗ ਪ੍ਰੋਗਰਾਮ ਵਿੱਚ ਸਕਿਟ, ਗਾਣੇ, ਭੰਗੜਾ, ਗਿੱਧਾ ਆਦਿ ਦੇ ਪ੍ਰੋਗਰਾਮਾਂ ਨੂੰ ਸੁਚੱਜੇ, ਸੋਹਣੇ ਅਤੇ ਆਕਰਸ਼ਿਤ ਢੰਗ ਨਾਲ ਪੇਸ਼ ਕੀਤਾ ਗਿਆ। ਜਿਨ੍ਹਾਂ ਦਾ ਬੜੇ ਉਤਸ਼ਾਹ ਨਾਲ ਆਨੰਦ ਮਾਨਿਆ ਗਿਆ ਅਤੇ ਬਹੁਤ ਹੀ ਤਾਰੀਫ ਕੀਤੀ ਗਈ। ਇਸ ਮੌਕੇ ਕਰਵਾਏ ਗਏ ਮਿਸ ਅਤੇ ਮਿਸਟਰ ਫਰੈਸ਼ਰ ਮੁਕਾਬਲੇ ਦੇ ਵਿਜੇਤਾ ਦੇ ਤੌਰ ਤੇ ਸਮਰਿਧੀ ਬਨੋਟ ਅਤੇ ਕਰਨ ਸੱਗਰ ਨੇ ਜਿੱਤ ਦਾ ਤਾਜ ਪਹਿਨਣ ਦਾ ਸੁਭਾਗ ਪ੍ਰਾਪਤ ਕੀਤਾ। ਮਿਸ ਚਾਰਮਿੰਗ ਦੇ ਤੌਰ ਤੇ ਨਿਤਿਕਾ ਨੂੰ ਅਤੇ ਮਿਸਟਰ ਐਲੀਗੈਂਟ ਦੇ ਤੌਰ ਤੇ ਮਨਦੀਪ ਨੂੰ ਚੁਣਿਆ ਗਿਆ। ਡਾ. ਭਰਤ ਸੁਨੇਜਾ ਨੇ ਆਏ ਹੋਏ ਮਹਿਮਾਨਾਂ ਦਾ ਧੰਨਵਾਦ ਕੀਤਾ।

Post a Comment