ਬੱਧਨੀ ਕਲਾਂ 20 ਨਵੰਬਰ ( ਚਮਕੌਰ ਲੋਪੋਂ ) ਪੰਜਾਬ ਦੀ ਆਰਥਿਕਤਾ ਦੀ ਰੀੜ• ਦੀ ਹੱਡੀ ਕਿਸਾਨੀ ਦਾ ਧੰਦਾ ਜ਼ਿਆਦਾ ਲਾਭਦਾਇਕ ਨਾਂ ਰਿਹਾ ਹੋਣ ਕਰਕੇ ਕਿਸਾਨਾਂ ਵੱਲੋਂ ਇਸ ਦੇ ਨਾਲ ਸਹਾਇਕ ਧੰਦੇ ਵੱਜੋਂ ਸ਼ੁਰੂ ਕੀਤਾ ’ਦੁੱਧ’ ਦਾ ਕਾਰੋਬਾਰ ਉਨ•ਾਂ ਲਈ ਹੁਣ ਮੁਸੀਬਤ ਬਨਣ ਲੱਗਾ ਹੈ। ਕਿਉਂਕਿ ਦੁੱਧ ਦੇ ਭਾਅ ਇੱਕਦਮ ਡਿੱਗਣ ਕਾਰਨ ਪਸ਼ੂਆਂ ਦੀ ਸਾਂਭ-ਸੰਭਾਲ ਕਰਨ ’ਤੇ ਹੋਣ ਵਾਲਾ ਖ਼ਰਚ ਵੀ ਪੂਰਾ ਨਹੀਂ ਹੋ ਰਿਹਾ। ਇਸ ਤਰ•ਾਂ ਦੀ ਬਣੀ ਸਥਿਤੀ ਕਾਰਨ ਬਹੁਤੇ ਕਿਸਾਨਾਂ ਵੱਲੋਂ ਬੈਕਾਂ ਤੋਂ ਕਰਜ਼ਾ ਚੁੱਕ ਕੇ ਬਣਾਏ ਡੇਅਰੀ ਫਾਰਮਾਂ ਦੀਆਂ ਕਿਸਤਾਂ ਟੁੱਟਣ ਦਾ ਡਰ ਵੀ ਸਤਾਉਣ ਲੱਗਾ ਹੈ।
ਹਾਸਿਲ ਕੀਤੀ ਜਾਣਕਾਰੀ ਅਨੁਸਾਰ ਪੰਜਾਬ ਦੀ ਸਹਿਕਾਰਤਾ ਨਾਲ ਜੁੜੇ ਅਦਾਰੇ ਮਿਲਕਫੈੱਡ ਵੱਲੋਂ ਪਸ਼ੂ ਚਾਰੇ ਅਤੇ ਖੁਰਾਕ ਵਿਚ ਕੁੱਝ ਸਮਾਂ ਪਹਿਲਾਂ ਵੱਡਾ ਵਾਧਾ ਕੀਤਾ ਹੈ ਪਰ ਇਸ ਦੇ ਬਾਵਜੂਦ ਦੁੱਧ ਦਾ ਭਾਅ 4 ਰੁਪਏ 40 ਪੈਸੇ ਪ੍ਰਤੀ ਫੈਟ ਤੋਂ ਘਟਾ ਕੇ 3 ਰੁਪਏ 90 ਪੈਸੇ ਕਰਨ ਨਾਲ ਦੁੱਧ ਉਤਪਾਦਕ ਨਿਰਾਸ਼ ਹਨ।
ਪਿੰਡ ਰਾਊਕੇ ਕਲਾਂ ਦੇ ਰਾਜ ਪੁਰਾਸਕਾਰ ਵਿਜੇਤਾ ਕਿਸਾਨ ਅਤੇ ਮਿਲਕਫੈਡ ਦੀ ਦੁੱਧ ਉਤਪਾਦਕ ਸਹਿਕਾਰੀ ਸਭਾ ਦੇ ਸੰਸਥਾਪਕ ਜੁਗਰਾਜ ਸਿੰਘ ਦਾ ਕਹਿਣਾ ਸੀ ਕਿ ਸਰਕਾਰ ਵੱਲੋਂ ‘ਚਿੱਟੀ ਕ੍ਰਾਤੀ’ ਦੇ ਧੰਦੇ ਨੂੰ ਉਤਸ਼ਾਹਿਤ ਕਰਨ ਲਈ ਇਸ ਦਾ ਭਾਅ ਪਸ਼ੂ ਪਾਲਣ ’ਤੇ ਆਉਣ ਵੇਲੇ ਖ਼ਰਚ ਨੂੰ ਦੇਖ ਕੇ ਮਿੱਥਣਾ ਚਾਹੀਦਾ ਹੈ। ਉਨ•ਾਂ ਕਿਹਾ ਕਿ ਵਿਭਾਗ ਵੱਲੋਂ ਦੁੱਧ ਦੀ ਪੈਦਾਵਾਰ ਵਧਾਉਣ ਅਤੇ ਇਸ ਤੋਂ ਬਣੀਆ ਵਸਤਾਂ ਦੀ ਮਾਰਕੀਟਿੰਗ ਕਰਨ ਲਈ ਕੋਈ ਵਿਸ਼ੇਸ ਦਿਲਚਸਪੀ ਨਾਂ ਦਿਖਾਏ ਜਾਣ ਦੁੱਧ ਦੇ ਭਾਅ ਦੀ ਗਿਰਾਵਟ ਲਗਾਤਾਰ ਜਾਰੀ ਹੈ।
ਪਿੰਡ ਭਿੰਡਰ ਕਲਾਂ ਦੇ ਦੁੱਧ ਉਤਪਾਦਕ ਗੁਰਭਿੰਦਰ ਸਿੰਘ ਮਾਨ ਦਾ ਕਹਿਣਾ ਸੀ ਕਿ ਖਲ ਦਾ ਭਾਅ 2450 ਰੁਪਏ ਕੁਇੰਟਲ ਹੋ ਗਿਆ ਹੈ ਇਸ ਤੋਂ ਪਸ਼ੂ ਦੀ ਡਾਕਟਰੀ ਦਾ ਇਲਾਜ ਵੀ ਕਾਫ਼ੀ ਮਹਿੰਗਾ ਹੈ ਜਿਸ ਕਾਰਨ ਹੁਣ ਕਿਸਾਨ ਵਰਗ ਕੋਲ ਇਸ ਸਹਾਇਕ ਧੰਦੇ ਦਾ ਖਹਿੜਾ ਛੱਡਣ ਤੋਂ ਬਿਨਾਂ ਹੋਰ ਕੋਈ ਚਾਰਾ ਨਹੀਂ ਹੈ। ਉਨ•ਾਂ ਸਰਕਾਰ ਤੋਂ ਮੰਗ ਕੀਤੀ ਕਿ ਦੁੱਧ ਦਾ ਗਰਮੀ ਅਤੇ ਸਰਦੀ ਦਾ ਪੱਕਾ ਭਾਅ ਮਿੱਥਣ ਤੋਂ ਇਲਾਵਾ ਇਸ ਵਿਚ ਸਲਾਨਾ ਵਾਧੇ ਦਾ ਮਤਾ ਵੀ ਪਹਿਲਾਂ ਹੀ ਪਾਸ ਕਰਨਾ ਚਾਹੀਦਾ ਹੈ ਤਾਂ ਜੋਂ ਦੀਵਾਲੇਪਣ ਦੇ ਕੰਡੇ ਖੜੇ ਇਸ ਸਹਾਇਕ ਧੰਦੇ ਨੂੰ ਕੁੱਝ ਹੁਲਾਰਾ ਮਿਲ ਸਕੇ।
ਕਿਰਤੀ ਕਿਸਾਨ ਯੂਨੀਅਨ ਦੇ ਜ਼ਿਲ•ਾ ਪ੍ਰਧਾਨ ਦਵਿੰਦਰ ਸਿੰਘ ਘਾਲੀ ਦਾ ਕਹਿਣਾ ਹੈ ਕਿ ਦੁੱਧ ਉਤਪਾਦਕਾਂ ਦੀ ਇਸ ਤੋਂ ਵੱਡੀ ਦੁਰਦਸ਼ਾ ਹੋ ਕੀ ਹੋ ਸਕਦੀ ਹੈ ਕਿ ਉਨ•ਾਂ ਨੂੰ ਦੁੱਧ ਦੇ ਭਾਅ ਵਿਚ ਵਾਧੇ ਦੀ ਮੰਗ ਨੂੰ ਲੈ ਕੇ ਨੈਸ਼ਨਲ ਰਾਹ ਜਾਮ ਕਰਨ ਦੇ ਨਾਲ-ਨਾਲ ਦੁੱਧ ਡੋਲ ਕੇ ਰੋਸ਼ ਪ੍ਰਗਟ ਕਰਨਾ ਪੈ ਰਿਹਾ ਹੈ। ਸ੍ਰ ਘਾਲੀ ਨੇ ਦੋਸ਼ ਲਾਇਆ ਕਿ ਸਾਹਿਕਾਰਤਾ ਵਿਭਾਗ ਦੀਆਂ ਦਮਨਕਾਰੀ ਨੀਤੀਆਂ ਕਾਰਨ 70 ਫ਼ੀਸਦੀ ਦੁੱਧ ਫਾਰਮਾਂ ਵਾਲੇ ਬੈਕਾਂ ਦੇ ਡਿਫਾਲਟਰ ਹੋ ਚੁੱਕੇ ਹਨ ਤੇ ਹੁਣ ਉਹ ਕੋਈ ਹੋਰ ਕਾਰੋਬਾਰ ਕਰਨ ਦੀ ਵਿਉਂਤਬੰਧੀ ਕਰਨ ਲੱਗੇ ਹਨ।
ਇਸ ਸਬੰਧੀ ਪੰਜਾਬ ਡੇਅਰੀ ਵਿਭਾਗ ਦੇ ਡਾਇਰੈਕਟਰ ਕੁਲਵਿੰਦਰਜੀਤ ਸਿੰਘ ਨੇ ਸੰਪਰਕ ਕਰਨ ’ਤੇ ਮੰਨਿਆ ਕੇ ਦੁੱਧ ਦਾ ਭਾਅ ਘਟਣ ਕਾਰਨ ਪਸ਼ੂਆਂ ਨੂੰ ਪਾਲਣ ਦਾ ਖ਼ਰਚ ਵੀ ਪੂਰਾ ਨਹੀਂ ਹੋ ਰਿਹਾ। ਉਨ•ਾਂ ਕਿਹਾ ਕਿ ਵਿਭਾਗ ਦੇ ਉੱਚ ਅਧਿਕਾਰੀ ਜਲਦੀ ਹੀ ਦੁੱਧ ਦਾ ਭਾਅ ਵਧਾਉਣ ਸਬੰਧੀ ਕੇਂਦਰੀ ਮੰਤਰੀ ਸ਼ਰਦ ਪਵਾਰ ਨਾਲ ਮੁਲਾਕਾਤ ਕਰ ਰਹੇ ਹਨ। ਉਨ•ਾਂ ਦੱਸਿਆ ਕਿ ਕੇਂਦਰੀ ਮੰਤਰੀ ਨਾਲ ਮੁਲਾਕਾਤ ਵੇਲੇ ਇਹ ਮੰਗ ਜ਼ੋਰਦਾਰ ਢੰਗ ਨਾਲ ਉਠਾਈ ਜਾਵੇਗੀ ਕਿ ਪੰਜਾਬ ਦੇ ਵੱਖ-ਵੱਖ ਮਿਲਕ ਪਲਾਟਾਂ ਵੱਲੋਂ ਬਣਾਏ ਜਾਂਦੇ ਦੁੱਧ ਦੇ ਪਦਾਰਥਾਂ ਦੀ ਮਾਰਕੀਟਿੰਗ ਲਈ ਵੱਖ-ਵੱਖ ਯੂਰਪੀ ਅਤੇ ਅਰਬ ਦੇਸ਼ਾਂ ਨਾਲ ਸਮਝੌਤਾ ਸਹੀਬੰਧ ਕੀਤਾ ਜਾਵੇ ਤਾਂ ਜੋਂ ਦੁੱਧ ਉਤਪਾਦਕਾਂ ਨੂੰ ਦੁੱਧ ਦਾ ਸਹੀ ਮੁੱਲ ਮਿਲ ਸਕੇ।
Post a Comment