ਸ੍ਰੀ ਮੁਕਤਸਰ ਸਾਹਿਬ, ਨਵੰਬਰ ( ਸੇਮ ਪ੍ਰਭਾਵਿਤ ਖੇਤਰਾਂ ਵਿਚ ਕਣਕ ਦੀ ਵੱਟਾਂ ਤੇ ਬਿਜਾਈ ਕਿਸਾਨਾਂ ਲਈ ਵਰਦਾਨ ਸਿੱਧ ਹੋ ਸਕਦੀ ਹੈ। ਪੰਜਾਬ ਸਰਕਾਰ ਦਾ ਖੇਤੀਬਾੜੀ ਮਹਿਕਮਾ ਇਸ ਨਵੀਂ ਤਕਨੀਕ ਨੂੰ ਕਿਸਾਨਾਂ ਵਿਚ ਲੋਕਪ੍ਰਿਆ ਕਰਨ ਲਈ ਯਤਨ ਕਰ ਰਿਹਾ ਹੈ। ਇਸ ਤਕਨੀਕ ਤਹਿਤ ਕਣਕ ਦੇ ਨਾਲ ਗੰਨੇ ਦੀ ਮਿਸ਼ਰਤ ਖੇਤੀ ਕਰਕੇ ਕਿਸਾਨ ਵਾਧੂ ਆਮਦਨ ਵੀ ਕਮਾ ਸਕਦੇ ਹਨ। ਇਹ ਜਾਣਕਾਰੀ ਜ਼ਿਲ੍ਹਾ ਖੇਤੀਬਾੜੀ ਅਫ਼ਸਰ ਡਾ: ਬੇਅੰਤ ਸਿੰਘ ਨੇ ਦਿੱਤੀ। ਉਨ੍ਹਾਂ ਕਿਹਾ ਕਿ ਵਿਭਾਗ ਇਸ ਤਕਨੀਕ ਪ੍ਰਤੀ ਕਿਸਾਨਾਂ ਨੂੰ ਪ੍ਰੇਰਿਤ ਕਰਨ ਲਈ ਬੈਡ ਪਲਾਂਟਰ ਨਾਂਅ ਦੀ ਮਸ਼ੀਨ ਵੀ ਬਿਜਾਈ ਕਰਨ ਲਈ ਉਪਲਬੱਧ ਕਰਵਾ ਰਿਹਾ ਹੈ।ਮੁੱਖ ਖੇਤੀਬਾੜੀ ਅਫਸਰ ਸ. ਬੇਅੰਤ ਸਿੰਘ ਦੀ ਰਹਿਨੁਮਾਈ ਹੇਠ ਅਤੇ ਪ੍ਰੋਜੈਕਟ ਡਾਇਰੈਕਟਰ ਡਾ.ਕਰਨਜੀਤ ਸਿੰਘ ਦੇ ਦਿਸ਼ਾ ਨਿਰਦੇਸ਼ਾਂ ਅਨੁਸਾਰ ਜ਼ਿਲ੍ਹੇ ਦੇ ਪਿੰਡ ਝੀਂਡ ਵਾਲਾ ਵਿੱਚ ਸੇਮ ਵਾਲੀ ਜਮੀਨ ਵਿੱਚ ਬੈਡ ਪਲਾਂਟਰ ਨਾਲ ਕਣਕ ਅਤੇ ਗੰਨੇ ਦੀ ਬਿਜਾਈ ਕੀਤੀ ਗਈ । ਉਨ੍ਹਾਂ ਨੇ ਦੱਸਿਆ ਕਿ ਸੇਮ ਵਾਲੀਆਂ ਜਮੀਨਾਂ ਵਿੱਚ ਪਹਿਲੇ ਪਾਣੀ ਨਾਲ ਕਣਕ ਪੀਲੀ ਪੈ ਜਾਦੀਂ ਹੈ ਇਸ ਤਕਨੀਕ ਨਾਲ ਕਣਕ ਦੇ ਪੀਲੇਪਣ ਤੋਂ ਵੀ ਬਚਾਅ ਰਹਿੰਦਾ ਹੈ। ਇਸ ਦੇ ਨਾਲ ਕਿਸਾਨ ਨੂੰ ਇਹ ਲਾਭ ਹੈ ਕਿ ਕਿਸਾਨ ਦੋ ਫਸਲਾਂ ਲੈ ਸਕਦਾ ਹੈ । ਇਸ ਮੌਕੇ ਡਾ. ਗਗਨਦੀਪ ਸਿੰਘ ਮਾਨ (ਡਿਪਟੀ ਪ੍ਰੋਜੈਕਟ ਡਾਇਰੈਕਟਰ) ਨੇ ਦੱਸਿਆ ਕਿ ਇਸ ਤਕਨੀਕ ਨਾਲ ਨਦੀਨ ਵੀ ਬਹੁਤ ਘੱਟ ਉਗਰਦੇ ਹਨ । ਇਸ ਤਰ੍ਹਾਂ ਜਿੱਥੇ ਖਰਚਾ ਘਟਦਾ ਹੈ ਨਾਲ ਹੀ ਕਿਸਾਨ ਦੀ ਆਮਦਨ ਵਿੱਚ ਵੀ ਵਾਧਾ ਹੁੰਦਾ ਹੈ।ਇਸ ਮੌਕੇ ਸਤਵਿੰਦਰ ਸਿੰਘ (ਟੈਕਨੀਸ਼ੀਅਨ) ਵੀ ਹਾਜਰ ਸਨ।ਬਾਕਸ ਲਈ ਪ੍ਰਸਤਾਵਿਤਕੀ ਹੈ ਤਕਨੀਕਇਸ ਤਕਨੀਕ ਅਨੁਸਾਰ ਬੈਡ ਪਲਾਂਟਰ ਦੀ ਮਦਦ ਨਾਲ ਬਣਾਈਆਂ ਵੱਟਾਂ ਤੇ ਕਣਕ ਦੀ ਬਿਜਾਈ ਹੁੰਦੀ ਹੈ। ਪ੍ਰਤੀ ਏਕੜ 35 ਕਿਲੋ ਬੀਜ ਪੈਂਦਾ ਹੈ। ਸੇਮ ਵਾਲੀਆਂ ਜ਼ਮੀਨਾਂ ਵਿਚ ਪਹਿਲੇ ਪਾਣੀ ਤੋਂ ਬਾਅਦ ਕਣਕ ਦੱਬ ਜਾਂਦੀ ਹੈ ਪਰ ਇਸ ਤਕਨੀਕ ਅਨੁਸਾਰ ਪਾਣੀ ਕੇਵਲ ਖਾਲੀਆਂ ਵਿਚ ਰਹਿੰਦਾ ਹੈ ਅਤੇ ਕਣਕ ਦੀਆਂ ਜੜ੍ਹਾਂ ਤੱਕ ਨਮੀ ਸਲਾਬ ਨਾਲ ਜਾਂਦੀ ਹੈ ਜਿਸ ਕਾਰਨ ਕਣਕ ਦੱਬਦੀ ਨਹੀਂ। ਇਸ ਤਕਨੀਕ ਨਾਲ ਕਣਕ ਦੇ ਝਾੜ ਤੇ ਕੋਈ ਫਰਕ ਨਹੀਂ ਪੈਂਦਾ ਪਰ ਪਾਣੀ ਦੀ 30 ਫੀਸਦੀ ਤੱਕ ਬਚਤ ਹੁੰਦੀ ਹੈ। ਜਨਵਰੀ ਫਰਵਰੀ ਵਿਚ ਪੰਜਾਬ ਵਿਚ ਪੈਣ ਵਾਲੇ ਮੀਹਾਂ ਦੌਰਾਨ ਵੀ ਸੇਮ ਪ੍ਰਭਾਵਿਤ ਖੇਤਾਂ ਵਿਚ ਕਣਕ ਦੀ ਫਸਲ ਦਾ ਘੱਟ ਤੋਂ ਘੱਟ ਨੁਕਸਾਨ ਹੁੰਦਾ ਹੈ।ਬਾਕਸ ਲਈ ਪ੍ਰਸਤਾਵਿਤਗੰਨੇ ਦੀ ਮਿਸ਼ਰਤ ਖੇਤੀ ਵੀ ਕੀਤੀ ਜਾ ਸਕਦੀ ਹੈਪਿੰਡ ਝੀਂਡ ਵਾਲਾ ਦੇ ਕਿਸਾਨ ਲੁਕਿੰਦਰ ਸਿੰਘ ਬਰਾੜ ਜ਼ਿਨ੍ਹਾਂ ਨੇ ਬੈਡ ਪਲਾਂਟਰ ਤਕਨੀਕ ਨਾਲ ਕਣਕ ਦੀ ਬਿਜਾਈ ਕੀਤੀ ਹੈ ਨੇ ਦੱਸਿਆ ਕਿ ਉਹ ਫਰਵਰੀ ਵਿਚ ਵੱਟਾਂ ਦੇ ਵਿਚਕਾਰ ਬਣੀਆਂ ਖਾਲੀਆਂ ਵਿਚ ਗੰਨੇ ਦੀ ਬਿਜਾਈ ਕਰ ਦੇਵੇਗਾ। ਕਣਕ ਦੀ ਕਟਾਈ ਸਮੇਂ ਗੰਨੇ ਦੇ ਟੁੱਸੇ ਉਪਰ ਤੋਂ ਕੱਟੇ ਜਾਣਗੇ ਜਿਸ ਨਾਲ ਗੰਨੇ ਦਾ ਵੱਧ ਫੁਟਾਰਾ ਆਉਣ ਨਾਲ ਝਾੜ ਵਧੇਗਾ ਅਤੇ ਗੰਨੇ ਦੀ ਡੁੰਘੀ ਬਿਜਾਈ ਹੋਣ ਕਾਰਨ ਗੰਨਾ ਡਿੱਗਦਾ ਨਹੀਂ। ਕਣਕ ਦੀ ਪਰਾਲੀ ਖੇਤ ਵਿਚ ਮਲਚਿੰਗ ਦਾ ਕੰਮ ਕਰੇਗੀ ਅਤੇ ਨਦੀਨ ਘੱਟ ਉੱਗਣਗੇ। ਉਸ ਅਨੁਸਾਰ ਕਿਸਾਨਾਂ ਨੂੰ ਬੈਡ ਪਲਾਂਟਰ ਤਕਨੀਕ ਦੇ ਨਾਲ ਕਣਕ ਅਤੇ ਗੰਨੇ ਦੀ ਮਿਸ਼ਰਤ ਖੇਤੀ ਕਰਨੀ ਚਾਹੀਦੀ ਹੈ।
ਖੇਤੀਬਾੜੀ ਵਿਭਾਗ ਦੇ ਆਤਮਾ ਸਕੀਮ ਦੇ ਜ਼ਿਲ੍ਹਾ ਪ੍ਰੋਜੈਕਟ ਡਾਇਰੈਕਟਰ ਅਤੇ ਡਿਪਟੀ ਡਾਇਰੈਕਟਰ ਪਿੰਡ ਝੀਂਡ ਵਾਲਾ ਵਿਚ ਬੈਡ ਪਲਾਂਟਰ ਤਕਨੀਕ ਨਾਲ ਕਣਕ ਦੀ ਬਿਜਾਈ ਕਰਵਾਉਂਦੇ ਹੋਏ।


Post a Comment