ਸ੍ਰੀ ਮੁਕਤਸਰ ਸਾਹਿਬ, 22 ਅਕਤੂਬਰ ਪੰਜਾਬ ਸਰਕਾਰ ਦੀ ਪੈਨਸ਼ਨ ਯੋਜਨਾ ਜ਼ਿਲ੍ਹਾ ਸ੍ਰੀ ਮੁਕਤਸਰ ਸਾਹਿਬ ਵਿਚ ਹਰ ਮਹੀਨੇ 59533 ਲਾਭਪਾਤਰੀਆਂ ਦੇ ਚਿਹਰਿਆਂ ਤੇ ਮੁਸਕਾਨ ਲੈ ਕੇ ਆਉਂਦੀ ਹੈ। ਇਸ ਮਹੀਨੇ ਵੀ 59533 ਲਾਭਪਾਤਰੀਆਂ ਨੂੰ ਪੈਨਸ਼ਨ ਜਾਰੀ ਕੀਤੀ ਗਈ ਹੈ। ਇਸ ਵਾਰ ਦੋ ਮਹੀਨਿਆਂ ਜੁਲਾਈ ਅਤੇ ਅਗਸਤ ਲਈ 2 ਕਰੋੜ 27 ਲੱਖ 95 ਹਜਾਰ 500 ਰੁਪਏ ਦੀ ਰਕਮ ਲਾਭਪਾਤਰੀਆਂ ਦੇ ਖਾਤਿਆਂ ਵਿਚ ਜਮਾਂ ਕਰਵਾ ਦਿੱਤੀ ਗਈ ਹੈ।ਇਹ ਜਾਣਕਾਰੀ ਡਿਪਟੀ ਕਮਿਸ਼ਨਰ ਸ੍ਰੀ ਪਰਮਜੀਤ ਸਿੰਘ ਨੇ ਦਿੱਤੀ। ਉਨ੍ਹਾਂ ਕਿਹਾ ਕਿ ਸ੍ਰੀ ਮੁਕਤਸਰ ਸਾਹਿਬ, ਮਲੋਟ, ਲੰਬੀ ਅਤੇ ਗਿੱਦੜਬਾਹਾ ਬਲਾਕਾਂ ਵਿਚ ਇਹ ਪੈਨਸ਼ਨ ਆਈ.ਸੀ.ਆਈ.ਸੀ.ਆਈ. ਬੈਂਕ ਵੱਲੋਂ ਖੋਲੇ ਬੈਂਕ ਖਾਤਿਆਂ ਰਾਹੀਂ ਈ.ਬੀ.ਟੀ. ਪ੍ਰਣਾਨੀ ਰਾਹੀਂ ਵੰਡੀ ਜਾਵੇਗੀ। ਉਨ੍ਹਾਂ ਕਿਹਾ ਕਿ ਇਸ ਵਾਰ 45591 ਬੁਢਾਪਾ ਪੈਨਸ਼ਨ, 8081 ਵਿਧਵਾ ਪੈਨਸ਼ਨ, 2547 ਆਸ਼ਰਿਤ, 3314 ਅਪਾਹਜ ਪੈਨਸ਼ਨ ਧਾਰਕਾਂ ਲਈ ਪੈਨਸ਼ਨ ਦੀ ਰਕਮ ਜਾਰੀ ਕੀਤੀ ਗਈ ਹੈ। ਉਨ੍ਹਾਂ ਕਿਹਾ ਕਿ ਜ਼ਿਨ੍ਹਾਂ ਪੈਨਸ਼ਨ ਧਾਰਕਾਂ ਦੇ ਹਾਲੇ ਤੱਕ ਬੈਂਕ ਖਾਤੇ ਨਹੀਂ ਖੁੱਲੇ ਹਨ ਉਨ੍ਹਾਂ ਨੂੰ ਇਸ ਵਾਰ ਪੈਨਸ਼ਨ ਨਹੀਂ ਮਿਲੇਗੀ ਪਰ ਉਨ੍ਹਾਂ ਦੀ ਪੈਨਸ਼ਨ ਜਮਾਂ ਰਹੇਗੀ ਅਤੇ ਜਦੋ ਅਜਿਹੇ ਲਾਭਪਾਤਰੀਆਂ ਦਾ ਸਮਾਰਟ ਕਾਰਡ ਬਣ ਜਾਵੇਗਾ ਤਾਂ ਸਾਰੀ ਬਕਾਇਆ ਪੈਨਸ਼ਨ ਮਿਲ ਜਾਵੇਗੀ। ਉਨ੍ਹਾਂ ਸਪਸ਼ਟ ਕੀਤਾ ਕਿ ਪ੍ਰਤੀ ਮਹੀਨਾ 250 ਰੁਪਏ ਦੀ ਦਰ ਨਾਲ ਕੁੱਲ 500 ਰੁਪਏ ਪੈਨਸ਼ਨ ਸਰਕਾਰ ਨੇ ਇਸ ਵਾਰ ਭੇਜੀ ਹੈ ਇਸ ਲਈ ਪੈਨਸ਼ਨ ਰਕਮ ਪ੍ਰਾਪਤ ਕਰਦੇ ਸਮੇਂ ਲਾਭਪਾਤਰੀ ਇਹ ਯਕੀਨੀ ਬਣਾ ਲਵੇ ਕੇ ਉਸ ਨੂੰ ਕੁੱਲ 500 ਰੁਪਏ ਮਿਲ ਰਹੇ ਹਨ।ਪੈਨਸ਼ਨ ਵੰਡਨ ਹਿੱਤ ਸਰਕਾਰ ਵੱਲੋਂ ਨਿਰਧਾਰਿਤ ਨੁੰਮਾਇੰਦਾ ਆਪਣੀ ਈ.ਬੀ.ਟੀ. ਮਸ਼ੀਨ ਲੈ ਕੇ ਪਿੰਡ ਵਿਚ ਜਾਂਦਾ ਹੈ ਅਤੇ ਲਾਭਪਾਤਰੀਆਂ ਦੇ ਕੋਲ ਜਾ ਕੇ ਉਨ੍ਹਾਂ ਦੀਆਂ ਉਂਗਲਾਂ ਦੇ ਨਿਸਾਨ ਲੈ ਕੇ ਮੌਕੇ ਤੇ ਹੀ ਪੈਨਸ਼ਨ ਦੀ ਰਕਮ ਅਦਾ ਕਰ ਦਿੰਦਾ ਹੈ। ਇਸ ਨਵੀਂ ਪ੍ਰਣਾਲੀ ਤਹਿਤ ਜੇਕਰ ਕੋਈ ਲਾਭਪਾਤਰੀ ਆਪਣੀ ਸਾਰੀ ਪੈਨਸ਼ਨ ਰਕਮ ਨਗਦ ਨਹੀਂ ਲੈਣਾ ਚਾਹੁੰਦਾ ਤਾਂ ਬਕਾਇਆ ਰਕਮ ਲਾਭਪਾਤਰੀ ਦੇ ਬੈਂਕ ਖਾਤੇ ਵਿਚ ਜਮਾਂ ਰਹਿੰਦੀ ਹੈ ਅਤੇ ਜਮਾਂ ਰਕਮ ਦਾ ਬੈਂਕ ਦੇ ਨਿਯਮਾਂ ਅਨੁਸਾਰ ਵਿਆਜ ਵੀ ਮਿਲਦਾ ਹੈ। ਇਸ ਸਬੰਧੀ ਇਸ ਪ੍ਰੋਜੇਕਟ ਦੇ ਸੂਬਾ ਪ੍ਰਭਾਰੀ ਸ੍ਰੀ ਸ਼ੌਰਭ ਅਤੇ ਜ਼ਿਲ੍ਹਾ ਪ੍ਰਭਾਰੀ ਸ੍ਰੀ ਰਜਨੀਸ਼ ਨੇ ਦੱਸਿਆ ਕਿ ਈ.ਬੀ.ਟੀ. ਤਹਿਤ ਆਉਣ ਵਾਲੇ ਸਮੇਂ ਵਿਚ ਹੋਰ ਵੀ ਅਨੇਕਾਂ ਬੈਂਕਿੰਗ ਸਹੁਲਤਾਂ ਲਾਭਪਾਤਰੀਆਂ ਨੂੰ ਦਿੱਤੀਆਂ ਜਾਣਗੀਆਂ।
ਈ.ਬੀ.ਟੀ. ਪ੍ਰਣਾਨੀ ਰਾਹੀਂ ਪੈਨਸ਼ਨ ਤਕਸੀਮ ਕਰਦੇ ਨੁੰਮਾਇੰਦੇ।
Post a Comment