ਸ੍ਰੀ ਮੁਕਤਸਰ ਸਾਹਿਬ, 22 ਅਕਤੂਬਰਪੰਜਾਬ ਸਰਕਾਰ ਰਾਜ ਵਿਚ ਪਸ਼ੂ ਪਾਲਣ ਦੇ ਧੰਦੇ ਨੂੰ ਉਤਸਾਹਿਤ ਕਰਨ ਹਿੱਤ ਅਨੇਕ ਪ੍ਰਕਾਰ ਦੀਆਂ ਸਕੀਮਾਂ ਚਲਾ ਰਹੀ ਹੈ। ਕਿਸਾਨਾਂ ਨੂੰ ਜਿੱਥੇ ਨਵੇਂ ਡੇਅਰੀ ਫਾਰਮ ਸਥਾਪਿਤ ਕਰਨ ਲਈ ਸਰਕਾਰ ਵੱਲੋਂ ਸਬਸਿਡੀ ਦਿੱਤੀ ਜਾ ਰਹੀ ਹੈ ਉੱਥੇ ਕਿਸੇ ਅਣਹੋਣੀ ਜਾਂ ਬਿਮਾਰੀ ਆਦਿ ਕਾਰਨ ਹੋਣ ਵਾਲੇ ਨੁਕਸਾਨ ਦੇ ਜੋਖ਼ਮ ਤੋਂ ਬਚਾਉਣ ਲਈ ਪਸ਼ੂਆਂ ਦਾ ਬੀਮਾ ਕਰਵਾਉਣ ਲਈ ਕਿਸਾਨਾਂ ਨੂੰ ਉਤਸਾਹਿਤ ਕੀਤਾ ਜਾਂਦਾ ਹੈ। ਪੰਜਾਬ ਸਰਕਾਰ ਦਾ ਪਸ਼ੂ ਪਾਲਣ ਮਹਿਕਮਾ ਪੰਜਾਬ ਰਾਜ ਪਸ਼ੂਧਨ ਵਿਕਾਸ ਬੋਰਡ ਦੀ ਮਦਦ ਨਾਲ ਪਸ਼ੂਆਂ ਦਾ ਬੀਮਾ ਕਰਵਾਉਣ ਤੇ ਕਿਸਾਨਾਂ ਵੱਲੋਂ ਭਰੇ ਜਾਣ ਵਾਲੇ ਪ੍ਰੀਮਿਅਮ ਤੇ 50 ਫੀਸਦੀ ਦੀ ਸਬਸਿਡੀ ਅਦਾ ਕਰਦਾ ਹੈ। ਇਹ ਜਾਣਕਾਰੀ ਡਿਪਟੀ ਕਮਿਸ਼ਨਰ ਸ੍ਰੀ ਪਰਮਜੀਤ ਸਿੰਘ ਨੇ ਅੱਜ ਇੱਥੇ ਦਿੱਤੀ। ਇਸ ਮੌਕੇ ਪਸ਼ੂ ਪਾਲਣ ਵਿਭਾਗ ਦੇ ਡਿਪਟੀ ਡਾਇਰੈਕਟਰ ਡਾ: ਨਰੇਸ਼ ਸਚਦੇਵਾ ਵੀ ਉਨ੍ਹਾਂ ਦੇ ਨਾਲ ਸਨ।ਡਿਪਟੀ ਕਮਿਸ਼ਨਰ ਸ੍ਰੀ ਪਰਮਜੀਤ ਸਿੰਘ ਨੇ ਕਿਸਾਨਾਂ ਨੂੰ ਅਪੀਲ ਕੀਤੀ ਕਿ ਉਹ ਕਿਸੇ ਵੀ ਜੋਖ਼ਮ ਤੋਂ ਬੱਚਣ ਲਈ ਆਪਣੇ ਪਸ਼ੂਆਂ ਦਾ ਬੀਮਾ ਜਰੂਰ ਕਰਵਾਉਣ। ਉਨ੍ਹਾਂ ਕਿਹਾ ਕਿ ਬੀਮਾ ਕਰਵਾਉਣ ਲਈ ਕਿਸਾਨ ਆਪਣੇ ਨੇੜੇ ਦੇ ਪਸ਼ੂ ਹਸਪਤਾਲ ਨਾਲ ਸੰਪਰਕ ਕਰ ਸਕਦੇ ਹਨ। ਹਰ ਮਹੀਨੇ ਦੀ 21 ਤੋਂ 30 ਤਾਰੀਖ ਤੱਕ ਜ਼ਿਲ੍ਹੇ ਦੇ ਪਸ਼ੂ ਹਸਪਤਾਲਾਂ ਵਿਚ ਪਸ਼ੂਆਂ ਦੇ ਬੀਮੇ ਕਰਨ ਲਈ ਬੀਮਾ ਕੰਪਨੀ ਦੇ ਨੁੰਮਾਇੰਦੇ ਆਉਂਦੇ ਹਨ।ਇਸ ਸਬੰਧੀ ਵਧੇਰੇ ਜਾਣਕਾਰੀ ਦਿੰਦਿਆਂ ਡਿਪਟੀ ਡਾਇਰੈਕਟਰ ਪਸ਼ੂ ਪਾਲਣ ਵਿਭਾਗ ਡਾ: ਨਰੇਸ਼ ਸਚਦੇਵਾ ਨੇ ਦੱਸਿਆ ਕਿ ਇਕ ਕਿਸਾਨ 2 ਪਸ਼ੂਆਂ ਤੱਕ ਦਾ ਬੀਮਾ ਕਰਵਾ ਸਕਦਾ ਹੈ ਅਤੇ 20 ਹਜਾਰ ਤੋਂ 50 ਹਜਾਰ ਤੱਕ ਦੀ ਕੀਮਤ ਦੇ ਪਸ਼ੂਆਂ ਦਾ ਬੀਮਾ ਕੀਤਾ ਜਾਂਦਾ ਹੈ। ਇਸ ਸਬੰਧੀ ਪਸ਼ੂ ਦੀ ਕੀਮਤ ਸਰਕਾਰੀ ਡਾਕਟਰ ਤੈਅ ਕਰਦਾ ਹੈ ਅਤੇ ਕੀਮਤ ਦੀ 4 ਫੀਸਦੀ ਪ੍ਰੀਮਿਅਮ ਦੀ ਰਕਮ ਬਣਦੀ ਹੈ ਜਿਸ ਵਿਚੋਂ ਅੱਧਾ ਪ੍ਰੀਮਿਅਮ ਸਰਕਾਰ ਵੱਲੋਂ ਅਦਾ ਕੀਤਾ ਜਾਂਦਾ ਹੈ ਅਤੇ ਬਾਕੀ ਅੱਧਾ ਕਿਸਾਨ ਨੇ ਅਦਾ ਕਰਨਾ ਹੁੰਦਾ ਹੈ। ਉਨ੍ਹਾਂ ਕਿਹਾ ਕਿ ਇਸ ਤਰਾਂ ਕਿਸਾਨ ਮਾਮੂਲੀ ਰਕਮ ਖਰਚ ਕਰਕੇ ਇਕ ਸਾਲ ਤੱਕ ਆਪਣੇ ਪਸ਼ੂਆਂ ਦੀ ਕਿਸੇ ਵੀ ਅਣਹੋਣੀ ਕਾਰਨ ਹੋਈ ਮੌਤ ਤੇ ਬੀਮਾ ਕੰਪਨੀ ਤੋਂ ਕਲੇਮ ਲੈ ਸਕਦਾ ਹੈ। ਉਨ੍ਹਾਂ ਕਿਹਾ ਕਿ ਕਿਸਾਨਾਂ ਨੂੰ ਪੰਜਾਬ ਸਰਕਾਰ ਦੀ ਇਸ ਪਸ਼ੂ ਪਾਲਕਾਂ ਦੇ ਹਿੱਤ ਦੀ ਯੋਜਨਾ ਦਾ ਪੂਰਾ ਲਾਭ ਲੈਣਾ ਚਾਹੀਦਾ ਹੈ।
Post a Comment