ਪ੍ਰਸਾਸ਼ਨ ਦੀ ਪਹਿਲ ਤੇ ਆੜ੍ਹਤੀਆਂ ਯੂਨੀਅਨ ਦੀ ਹੜਤਾਲ ਖਤਮ
‑ਹੁਣ ਤੱਕ ਜ਼ਿਲ੍ਹੇ ਵਿਚ ਹੋਈ 367596 ਟਨ ਝੋਨੇ ਦੀ ਖਰੀਦ
ਸ੍ਰੀ ਮੁਕਤਸਰ ਸਾਹਿਬ, 27 ਅਕਤੂਬਰ : ਜ਼ਿਲ੍ਹਾ ਪ੍ਰਸਾਸ਼ਨ ਸ੍ਰੀ ਮੁਕਤਸਰ ਸਾਹਿਬ ਦੀ ਪਹਿਲਕਦਮੀ ਤੇ ਆੜ੍ਹਤੀਆਂ ਐਸੋਸੀਏਸ਼ਨ ਸ੍ਰੀ ਮੁਕਤਸਰ ਸਾਹਿਬ ਅਤੇ ਸੈਲਰ ਮਾਲਕਾਂ ਵਿਚਕਾਰ ਆਪਸੀ ਮਤਭੇਦ ਦੂਰ ਕਰਵਾ ਦਿੱਤੇ ਗਏ ਹਨ ਇਸ ਤੋਂ ਬਾਅਦ ਆੜ੍ਹਤੀਆਂ ਯੂਨੀਅਨ ਨੇ ਅੱਜ ਸਵੇਰ ਤੋਂ ਕੀਤੀ ਹੜਤਾਲ ਦੁਪਹਿਰ ਤੱਕ ਵਾਪਸ ਲੈ ਲਈ ਅਤੇ ਮੰਡੀਆਂ ਵਿਚ ਝੋਨੇ ਦੀ ਖਰੀਦ ਮੁੜ ਸੁਚਾਰੂ ਤਰੀਕੇ ਨਾਲ ਸ਼ੁਰੂ ਹੋ ਗਈ।
ਅੱਜ ਡਿਪਟੀ ਕਮਿਸ਼ਨਰ ਸ੍ਰੀ ਪਰਮਜੀਤ ਸਿੰਘ ਦੇ ਨਿਰਦੇਸ਼ਾਂ ਅਨੁਸਾਰ ਉਪ ਮੰਡਲ ਮੈਜਿਸਟਰੇਟ ਸ੍ਰੀ ਮੁਕਤਸਰ ਸਾਹਿਬ ਸ੍ਰੀ ਵੀ.ਪੀ.ਐਸ. ਬਾਜਵਾ ਨੇ ਅੱਜ ਆੜ੍ਹਤੀਆਂ ਐਸੋਸੀਏਸ਼ਨ, ਸੈਲਰ ਯੂਨੀਅਨ ਅਤੇ ਖਰੀਦ ਏਂਜਸੀਆਂ ਦੇ ਅਧਿਕਾਰੀਆਂ ਦੀ ਸਾਂਝੀ ਬੈਠਕ ਬੁਲਾ ਕੇ ਦੋਹਾਂ ਧਿਰਾਂ ਨੂੰ ਆਪਣੇ ਸਾਹਮਣੇ ਬਿਠਾ ਕੇ ਗਲਤ ਫਹਿਮੀਆਂ ਦੂਰ ਕਰਵਾ ਦਿੱਤੀਆਂ ਗਈਆਂ। ਸਾਰੀਆਂ ਧਿਰਾਂ ਨੇ ਸਹਿਮਤੀ ਦਿੱਤੀ ਕਿ ਸਰਕਾਰ ਦੀਆਂ ਹਦਾਇਤਾਂ ਅਨੁਸਾਰ ਅਤੇ ਤੈਅ ਮਾਪਦੰਡਾਂ ਅਨੁਸਾਰ ਝੋਨੇ ਦੀ ਖਰੀਦ ਕੀਤੀ ਜਾਵੇਗੀ ਅਤੇ ਕਿਸੇ ਨੂੰ ਵੀ ਝੋਨੇ ਦੇ ਮੰਡੀਕਰਨ ਵਿਚ ਕੋਈ ਦਿੱਕਤ ਨਹੀਂ ਆਵੇਗੀ।
ਇਸ ਮੌਕੇ ਐਸ.ਡੀ.ਐਮ. ਸ੍ਰੀ ਵੀ.ਪੀ.ਐਸ. ਬਾਜਵਾ ਨੇ ਦੱਸਿਆ ਕਿ ਜ਼ਿਲ੍ਹਾ ਸ੍ਰੀ ਮੁਕਤਸਰ ਸਾਹਿਬ ਦੀ ਮੰਡੀ ਵਿਚ ਹੁਣ ਤੱਕ 4 ਲੱਖ 231 ਟਨ ਝੋਨੇ ਦੀ ਆਮਦ ਹੋਈ ਹੈ ਜਿਸ ਵਿਚੋਂ 367596 ਟਨ ਝੋਨੇ ਦੀ ਖਰੀਦ ਹੋ ਚੁੱਕੀ ਹੈ ਅਤੇ 311201 ਟਨ ਝੋਨੇ ਦੀ ਲਿਫਟਿੰਗ ਹੋ ਚੁੱਕੀ ਹੈ। ਉਨ੍ਹਾਂ ਦੱਸਿਆ ਕਿ ਪਨਗ੍ਰੇਨ ਨੇ 96923 ਟਨ, ਐਫ.ਸੀ.ਆਈ. ਨੇ 24073 ਟਨ, ਮਾਰਕਫੈਡ ਨੇ 74082 ਟਨ, ਪਨਸਪ ਨੇ 69542 ਟਨ, ਵੇਅਰ ਹਾਊਸ ਕਾਰਪੋਰੇਸ਼ਨ ਨੇ 29363 ਟਨ, ਪੰਜਾਬ ਐਗਰੋ ਨੇ 37667 ਟਨ ਅਤੇ ਪ੍ਰਾਈਵੇਟ ਵਪਾਰੀਆਂ ਨੇ 35946 ਟਨ ਝੋਨੇ ਦੀ ਖਰੀਦ ਕੀਤੀ ਹੈ।
ਇਸ ਮੌਕੇ ਆੜਤੀਆਂ ਐਸੋਸੀਏਸ਼ਨ ਦੇ ਆਗੂ ਸ੍ਰੀ ਨੱਥਾ ਸਿੰਘ ਨੇ ਕਿਹਾ ਕਿ ਉਨ੍ਹਾਂ ਦੇ ਸ਼ਿਕਵੇ ਦੂਰ ਹੋ ਗਏ ਹਨ ਅਤੇ ਹੜਤਾਲ ਖਤਮ ਹੋਣ ਤੋਂ ਬਾਅਦ ਖਰੀਦ ਸ਼ੁਰੂ ਹੋ ਗਈ ਹੈ। ਉਨ੍ਹਾਂ ਕਿਹਾ ਕਿ ਆੜ੍ਹਤੀਆਂ ਐਸੋਸੀਏਸ਼ਨ ਝੋਨੇ ਦੀ ਸੁਚਾਰੂ ਖਰੀਦ ਵਿਚ ਪੂਰੀ ਮਦਦ ਕਰੇਗੀ।
ਇਸ ਬੈਠਕ ਵਿਚ ਹੋਰਨਾਂ ਤੋਂ ਇਲਾਵਾ ਜ਼ਿਲ੍ਹਾ ਫੂਡ ਸਪਲਾਈ ਕੰਟਰੋਲਰ ਸ੍ਰੀ ਕੌਸ਼ਲ ਰਾਏ ਸਿੰਗਲਾ, ਜ਼ਿਲ੍ਹਾ ਮੰਡੀ ਅਫ਼ਸਰ ਸ: ਕੁਲਦੀਪ ਸਿੰਘ ਬਰਾੜ, ਡੀ.ਐਮ. ਮਾਰਕਫੈਡ ਸ: ਐਚ. ਐਸ. ਧਾਲੀਵਾਲ, ਡੀ.ਐਮ. ਪਨਸਪ ਸ੍ਰੀ ਜਸਪਾਲ ਸ਼ਰਮਾ, ਡੀ.ਐਮ. ਵੇਅਰਹਾਊਸ ਸ੍ਰੀ ਕਰਨਦੀਪ ਸਿੰਘ, ਡੀ.ਐਮ. ਪੰਜਾਬ ਐਗਰੋ ਸ੍ਰੀ ਮਨੀਸ਼ ਗਰਗ, ਮਾਰਕਿਟ ਕਮੇਟੀ ਦੇ ਸਕੱਤਰ ਸ੍ਰੀ ਗੁਰਚਰਨ ਸਿੰਘ, ਬਲਜਿੰਦਰ ਸ਼ਰਮਾ, ਆੜਤੀਆਂ ਐਸੋਸੀਏਸ਼ਨ ਦੇ ਪ੍ਰਧਾਨ ਨੱਥਾ ਸਿੰਘ, ਚੇਅਰਮੈਨ ਸ੍ਰੀ ਮਨੋਹਰ ਲਾਲ ਸਲੂਜਾ, ਸੈਲਰ ਯੂਨੀਅਨ ਦੇ ਨੁੰਮਾਇੰਦੇ ਸ੍ਰੀ ਦਰਸ਼ਨ ਲਾਲ ਗਰਗ ਅਤੇ ਭਾਰਤ ਭੂਸ਼ਣ ਆਦਿ ਵੀ ਹਾਜਰ ਸਨ।
Post a Comment