ਗੁਰੂਸਰ ਸੁਧਾਰ (ਅਮਨਦੀਪ ਦਰਦੀ) ਅੱਜ ਏਡਜ਼ ਦੀ ਬਿਮਾਰੀ ਵਿਸ਼ਵ ਦੀ ਸਭ ਤੋ ਪ੍ਰਮੁੱਖ ਤੇ ਖ਼ਤਰਨਾਕ ਸਮੱਸਿਆ ਹੈ, ਜਿਸ ਦਾ ਹਾਲੇ ਤੀਕ ਕੋਈ ਇਲਾਜ ਪੈਦਾ ਨਹੀ ਹੋਇਆ ਤੇ ਉਸ ਤੋਂ ਵੱਡੇ ਦੁੱਖ ਦੀ ਗੱਲ ਹੈ ਕਿ ਵਿਸ਼ਵ ਦੇ ਏਡਜ਼ ਗ੍ਰਸਤ ਰੋਗੀਆਂ ਵਿੱਚ ਦੱਖਣੀ ਅਫ਼ਰੀਕਾ ਦਾ ਪਹਿਲਾ ਨੰਬਰ ਜਦੋਂ ਕਿ ਭਾਰਤ ਦੂਜੇ ਨੰਬਰ ਤੇ ਹੈ। ਪੰਜਾਬੀ ਜਾਗਰਣ ਵੱਲੋਂ 'ਦੇਸ਼ ਨੂੰ ਏਡਜ਼ ਤੋ ਬਚਾਈਏ' ਵਿਸ਼ੇ ਤਹਿਤ ਕਰਵਾਈ ਇਕ ਵਿਚਾਰ ਚਰਚਾ ਦੌਰਾਨ ਹਰਬੰਸ ਸਿੰਘ ਖੰਗੂੜਾ ਨੇ ਇਸ ਰੋਗ ਬਾਰੇ ਦੱਸਦਿਆਂ ਕਿਹਾ ਕਿ ਐਚ.ਆਈ.ਵੀ ਦਾ ਇਕ ਵਿਸਾਣੂੰ ਮਨੁੱਖੀ ਸਰੀਰ ਵਿਚ ਦਾਖਲ ਹੋਣ ਨਾਲ ਇਹ ਰੋਗ ਲੱਗਦਾ ਹੈ, ਜੋ ਮਨੁੱਖੀ ਸਰੀਰ ਦੀ ਬਿਮਾਰੀਆਂ ਨਾਲ ਲੜਨ ਦੀ ਸ਼ਕਤੀ ਖ਼ਤਮ ਕਰ ਦਿੰਦੀ ਹੈ ਅਤੇ ਕਿਸੇ ਦਵਾ ਦਾਰੂ ਦਾ ਮਨੁੱਖੀ ਸਰੀਰ ਤੇ ਕੋਈ ਅਸਰ ਨਹੀ ਹੁੰਦਾ। ਇਸ ਲਈ ਸਮੁੱਚੇ ਦੇਸ਼ ਨੂੰ ਬਚਾਉਣ ਲਈ ਸਾਨੂੰ ਸਾਂਝੇ ਤੌਰ ਤੇ ਹੰਭਲਾ ਮਾਰਦਿਆਂ ਸਕੂਲੀ ਬੱਚਿਆਂ ਨੂੰ ਵੀ ਪੜ੍ਹਾਈ ਦੌਰਾਨ ਇਸ ਸਬੰਧੀ ਜਾਗਰੂਕ ਕਰਨਾ ਚਾਹੀਦਾ ਹੈ। ਪੰਜਾਬੀ ਦੇ ਕਾਲਮ ਨਵੀਸ ਜਗਤਾਰ ਸਿੰਘ ਹਿੱਸੋਵਾਲ ਨੇ ਕਿਹਾ ਕਿ ਅੱਜ ਦੁਨੀਆਂ ਵਿਚ ਚਾਰ ਕਰੋੜ ਦੇ ਕਰੀਬ ਏਡਜ਼ ਦੇ ਸਿਕਾਰ ਹਨ ਜਿਨ੍ਹਾਂ ਵਿਚ ਭਾਰਤ ਦੇ ਰੋਗੀਆਂ ਦੀ ਗਿਣਤੀ 50 ਲੱਖ ਤੋ ਉੱਪਰ ਹੈ। ਉਨ੍ਹਾਂ ਕਿਹਾ ਕਿ ਏਡਜ ਨੂੰ ਕੰਟਰੋਲ ਕਰਨ ਲਈ ਸਾਡੇ ਸਕੂਲਾਂ ਵਿਚ ਸਿਹਤ ਸਿੱਖਿਆ ਵਿਸ਼ੇ ਵਾਂਗ ਸੈਕਸ ਐਜੂਕੇਸ਼ਨ ਵੀ ਜਰੂਰੀ ਹੈ ਤਾਂ ਜੋ ਸਕੂਲੀ ਬੱਚਿਆਂ ਨੂੰ ਇਸ ਰੋਗ ਦੇ ਕਾਰਨ ਅਤੇ ਨੁਕਸਾਨ ਦਾ ਬਾਲ ਉਮਰੇ ਹੀ ਗਿਆਨ ਹੋ ਸਕੇ। ਇੰਸਪੈਕਟਰ ਰਣਜੀਤ ਸਿੰਘ ਨੇ ਇਸ ਲਾਇਲਾਜ ਰੋਗ ਬਾਰੇ ਵਿਚਾਰ ਪੇਸ਼ ਕਰਦਿਆਂ ਕਿਹਾ ਕਿ ਇਸ ਰੋਗ ਨੂੰ ਰੋਕਣ ਲਈ ਕੋਈ ਦਵਾ ਦਾਰੂ ਹੋਂਦ ਵਿਚ ਨਹੀ ਆਈ। ਇਸ ਤੋ ਬਚਣ ਲਈ ਅਤੇ ਭਾਰਤ ਦੇਸ਼ ਦੇ ਲੋਕਾਂ ਨੂੰ ਹੱਸਦੇ ਵਸਦੇ ਰੱਖਣ ਲਈ ਸਿੱਖਿਆ ਮਹਿਕਮੇ ਵੱਲੋਂ ਸਕੂਲਾਂ ਵਿਚ ਇਸ ਵਿਸ਼ੇ ਨਾਲ ਸਬੰਧਤ ਪੜ੍ਹਾਈ ਕਰਾਉਣਾ ਲਾਜ਼ਮੀ ਬਣਾਇਆ ਜਾਵੇ। ਸਤਨਾਮ ਸਿੰਘ ਨੇ ਏਡਜ਼ ਦੇ ਲਗਾਤਾਰ ਵਾਧੇ ਤੇ ਚਿੰਤਾ ਪ੍ਰਗਟ ਕਰਦਿਆਂ ਕਿਹਾ ਕਿ ਭਾਰਤ ਦੇਸ਼ ਵਿਚ ਏਡਜ਼ ਦਾ ਪਹਿਲਾ ਮਰੀਜ਼ 1986 ਵਿਚ ਸਾਹਮਣੇ ਆਇਆ ਜਦੋ ਕਿ ਹੁਣ ਦੁਨੀਆਂ ਦਾ ਹਰ ਛੇਵਾਂ ਮਰੀਜ਼ ਭਾਰਤ ਦੇਸ਼ ਦਾ ਨਾਗਰਿਕ ਹੈ। ਭਾਰਤ ਦੇਸ਼ ਵਿਚ ਦਿਨੋ ਦਿਨ ਇਸ ਰੋਗ ਦੇ ਵਧਣ ਦਾ ਕਾਰਨ ਸਕੂਲਾਂ ਵਿਚ ਸੈਕਸ ਸਿੱਖਿਆ ਦੀ ਘਾਟ ਕਾਰਨ ਹੀ ਹੈ। ਮਾਸਟਰ ਰਾਜ ਸਿੰਘ ਨੇ ਇਸ ਵਿਸ਼ੇ ਤੇ ਚਾਨਣਾ ਪਾਉਂਦਿਆ ਕਿਹਾ ਕਿ ਇਸ ਰੋਗ ਤੋ ਬਚਣ ਲਈ ਕੇਵਲ ਇਕ ਹੀ ਵਿਅਕਤੀ ਨਾਲ ਸੰਭੋਗ ਸਬੰਧ ਸੀਮਿਤ ਰੱਖਿਆ ਜਾਵੇ। ਖੂਨ ਵੀ ਐਚ.ਆਈ.ਵੀ. ਦੀ ਜਾਂਚ ਉਪਰੰਤ ਚੜਾਉਣਾ ਚਾਹੀਦਾ ਹੈ। ਉਨ੍ਹਾਂ ਭਾਰਤ ਸਰਕਾਰ ਨੂੰ ਅਪੀਲ ਕਰਦਿਆਂ ਕਿਹਾ ਕਿ ਇਸ ਰੋਗ ਦੀ ਰੋਕਥਾਮ ਲਈ ਜਲਦੀ ਹੀ ਪ੍ਰਭਾਵੀ ਕਦਮ ਚੁੱਕੇ ਜਾਣੇ ਚਾਹੀਦੇ ਹਨ, ਨਹੀ ਤਾਂ ਸਥਿਤੀ ਬਹੁਤ ਹੀ ਗੰਭੀਰ ਹੋ ਜਾਵੇਗੀ, ਕਿਉਂ ਕਿ ਇਹ ਬਿਮਾਰੀ ਲਾ ਇਲਾਜ ਹੋਣ ਕਾਰਨ ਦੇਸ਼ ਵਾਸੀਆਂ ਨੂੰ ਮੌਤ ਦੇ ਮੂੰਹ ਵੱਲ ਲੈ ਜਾਵੇਗੀ।
Post a Comment