ਮਾਛੀਵਾੜਾ 21 ਅਕਤੂਬਰ-ਸਿੱਖ ਵਿਰਾਸਤ ਦੀ ਮਾਣਮੱਤੀ ਖੇਡ ਗੱਤਕਾ ਨੂੰ ਕੌਮਾਂਤਰੀ ਪੱਧਰ ’ਤੇ ਪ੍ਰਫੁੱਲਿਤ ਕਰਨ ਅਤੇ ਮਾਨਤਾਪ੍ਰਾਪਤ ਖੇਡ ਵਜੋਂ ਪ੍ਰਚੱਲਿਤ ਕਰਨ ਲਈ ਜਿੱਥੇ ਗੱਤਕਾ ਫੈਡਰੇਸ਼ਨ ਆਫ ਇੰਡੀਆ ਵੱਲੋਂ ਗੱਤਕਾ ਖੇਡ ਦੀ ਤਕਨੀਕ ਵਿਕਸਤ ਕੀਤੀ ਗਈ ਹੈ ਉਥੇ ਹੀ ਗੱਤਕਾ ਟੂਰਨਾਮੈਂਟਾਂ ਦੇ ਵਧੀਆ ਸੰਚਾਲਨ ਲਈ ਸਮੁੱਚੀ ਪ੍ਰਣਾਲੀ ਦਾ ਕੰਪਿਊਟਰੀਕਰਨ ਕੀਤਾ ਜਾ ਰਿਹਾ ਹੈ ਤਾਂ ਜੋ ਗੱਤਕਾ ਖੇਡ ਪ੍ਰਤੀ ਆਮ ਵਿਅਕਤੀ ਵੀ ਆਕਰਸ਼ਿਤ ਹੋ ਸਕੇ। ਇਹਨਾਂ ਵਿਚਾਰਾ ਦਾ ਪ੍ਰਗਟਾਵਾ ਅੱਜ ਇੱਥੇ ਤੀਸਰੇ ਤਿੰਨ ਰੋਜਾ ਰਾਸ਼ਟਰੀ ਗੱਤਕਾ ਰਿਫਰੈਸ਼ਰ ਕੋਰਸ ਦੇ ਸਮਾਮਤੀ ਸਮਾਰੋਹ ਨੂੰ ਸੰਬੋਧਨ ਕਰਦਿਆਂ ਗੱਤਕਾ ਫੈਡਰੇਸ਼ਨ ਦੇ ਜਨਰਲ ਸਕੱਤਰ ਸ. ਹਰਜੀਤ ਸਿੰਘ ਗਰੇਵਾਲ ਨੇ ਕੀਤਾ।
ਉਹਨਾਂ ਕਿਹਾ ਕਿ ਗੱਤਕਾ ਰੈਫਰੀਆਂ ਤੇ ਕੋਚਾਂ ਨੂੰ ਖੇਡ ਤਕਨੀਕਾਂ ਤੋਂ ਬਿਹਤਰ ਢੰਗ ਨਾਲ ਜਾਣੂ ਕਰਵਾਉਣ ਲਈ ਫੈਡਰੇਸ਼ਨ ਵਲੋਂ ਅਜਿਹੇ ਰਿਫਰੈਸ਼ਰ ਕੋਰਸ ਲਗਾਏ ਜਾ ਰਹੇ ਹਨ। ਇਸ ਤੋਂ ਇਲਾਵਾ ਗੱਤਕਾ ਖਿਡਾਰੀਆਂ ਨੂੰ ਫੈਡਰੇਸ਼ਨ ਦੀ ਨਿਯਮਾਵਲੀ ਅਨੁਸਾਰ ਸਿਖਲਾਈ ਦੇਣ ਲਈ ਜ਼ਿਲ•ਾ ਪੱਧਰ ’ਤੇ ਟ੍ਰੇਨਿੰਗ ਕੈਂਪ ਲਗਾਏ ਜਾਣਗੇ। ਉਹਨਾਂ ਦੱਸਿਆ ਕਿ ਦੇਸ਼ ਦੇ ਸਮੂਹ ਗੱਤਕਾ ਖਿਡਾਰੀਆਂ, ਕੋਚਾਂ ਅਤੇ ਰੈਫਰੀਆਂ ਦੀ ਰਜਿਸਟ੍ਰੇਸ਼ਨ ਕਰਨ ਉਪਰੰਤ ਉਹਨਾਂ ਨੂੰ ਬਾਰਕੋਡ ਵਾਲੇ ਸਮਾਰਟ ਆਈ-ਕਾਰਡ ਜਲਦ ਜਾਰੀ ਕੀਤੇ ਜਾਣਗੇ।
ਇਸ ਮੌਕੇ ਬੋਲਦਿਆਂ ਸ. ਸਰਬੰਸ ਸਿੰਘ ਮਾਣਕੀ ਮੈਂਬਰ ਸ਼੍ਰੋਮਣੀ ਕਮੇਟੀ ਅਤੇ ਸ. ਹਰਜਤਿੰਦਰ ਸਿੰਘ ਬਾਜਵਾ ਸੀਨੀਅਰ ਅਕਾਲ਼ੀ ਆਗੂ ਨੇ ਗੱਤਕਾ ਫੈਡਰੇਸ਼ਨ ਵਲੋਂ ਸਿੱਖ ਮਾਰਸ਼ਲ ਆਰਟ ਨੂੰ ਪ੍ਰਫੁੱਲਤ ਕਰਨ ਲਈ ਕੀਤੇ ਜਾ ਰਹੇ ਯਤਨਾਂ ਦੀ ਭਰਪੂਰ ਸ਼ਲਾਘਾ ਕਰਦਿਆਂ ਕਿਹਾ ਕਿ ਸਮੇਂ ਦੀ ਲੋੜ ਹੈ ਕਿ ਹਰ ਸਿੱਖ ਪਰਿਵਾਰ ਆਪਣੇ ਬੱਚਿਆਂ ਨੂੰ ਇਹ ਵਿਰਾਸਤੀ ਅਤੇ ਸਵੈ-ਰੱਖਿਆ ਵਾਲੀ ਖੇਡ ਖੇਡਣ ਲਈ ਪ੍ਰੇਰਿਤ ਕਰੇ ਤਾਂ ਜੋ ਨੌਜਵਾਨ ਵਿਸ਼ੇ-ਵਿਕਾਰਾਂ ਅਤੇ ਨਸ਼ਿਆਂ ਤੋਂ ਬਚੇ ਰਹਿਣ ਅਤੇ ਆਪਣੀ ਵਿਰਾਸਤ ਨਾਲ ਜੁੜੇ ਰਹਿਣ। ਉਹਨਾਂ ਭਰੋਸਾ ਦਿੱਤਾ ਕਿ ਉਹ ਜਿਲਾ ਲੁਧਿਆਣਾ ਵਿੱਚ ਗੱਤਕੇ ਦੀ ਪ੍ਰੱਫੁਲਤਾ ਲਈ ਜਿਲਾ ਗੱਤਕਾ ਐਸੋਸੀਏਸ਼ਨ ਲੁਧਿਆਣਾ ਨੂੰ ਪੂਰਨ ਸਹਿਯੋਗ ਦਿੰਦੇ ਰਹਿਣਗੇ। ਇਸ ਮੌਕੇ ਸੰਤ ਸੁੱਧ ਸਿੰਘ ਟੂਸੇ ਵਾਲਿਆਂ ਨੇ ਵੀ ਗੱਤਕਾ ਖਿਡਾਰੀਆ ਨੂੰ ਆਸ਼ੀਰਵਾਦ ਦਿੰਦਿਆਂ ਕਿਹਾ ਕਿ ਉਹ ਇਸ ਪੁਰਾਤਨ ਖੇਡ ਨੂੰ ਘਰ-ਘਰ ਪਹੁੰਚਾਉਣ ਲਈ ਆਪੋ-ਆਪਣਾ ਬਣਦਾ ਯੋਗਦਾਨ ਪਾਉਣ। ਇਸ ਮੌਕੇ ਹੋਰਨਾਂ ਤੋਂ ਇਲਾਵਾ ਗੱਤਕਾ ਫੈਡਰੇਸ਼ਨ ਆਫ ਇੰਡੀਆ ਦੇ ਸੰਯੁਕਤ ਸਕੱਤਰ ਡਾ. ਦੀਪ ਸਿੰਘ ਚੰਡੀਗੜ ਅਤੇ ਸ. ਅਵਤਾਰ ਸਿੰਘ ਪਟਿਆਲਾ, ਪੰਜਾਬੀ ਯੂਨੀਵਰਸਿਟੀ ਪਟਿਆਲਾ ਦੇ ਖੇਡ ਵਿਗਿਆਨ ਵਿਭਾਗ ਦੇ ਮੁੱਖੀ ਡਾ. ਪਰਮਵੀਰ ਸਿੰਘ, ਵਿਰਸਾ ਸੰਭਾਲ ਵਿੰਗ ਦੇ ਵਾਈਸ ਚੇਅਰਮੈਨ ਸ. ਮਨਜੀਤ ਸਿੰਘ ਅੰਮ੍ਰਿਤਸਰ, ਜਿਲਾ ਗੱਤਕਾ ਐਸੋਸੀਏਸ਼ਨ ਲੁਧਿਆਣਾ ਦੇ ਕਾਰਜਕਾਰੀ ਪ੍ਰਧਾਨ ਸ. ਜਸਵੰਤ ਸਿੰਘ ਛਾਪਾ, ਮੀਤ ਪ੍ਰਧਾਨ ਅਤੇ ਕੈਂਪ ਕੋਆਰਡੀਨੇਟਰ ਸ. ਬਲਜਿੰਦਰ ਸਿੰਘ ਤੂਰ, ਸੰਯੁਕਤ ਸਕੱਤਰ ਸ. ਹਰਮਨ ਸਿੰਘ ਬੁਟਾਹਰੀ, ਜਿਲਾ ਗੱਤਕਾ ਐਸੋਸੀਏਸ਼ਨ ਪਟਿਆਲਾ ਦੇ ਸੀਨੀਅਰ ਮੀਤ ਪ੍ਰਧਾਨ ਸ. ਜਸਵਿੰਦਰ ਸਿੰਘ ਖਾਲਸਾ, ਜਿਲਾ ਗੱਤਕਾ ਐਸੋਸੀਏਸ਼ਨ ਜਲੰਧਰ ਦੇ ਚੀਫ ਪੈਟਰਨ ਸ. ਬਲਦੇਵ ਸਿੰਘ, ਗਿਆਨੀ ਮਹਿੰਦਰ ਸਿੰਘ ਭੰਗਲਾਂ ਪ੍ਰਧਾਨ ਨਗਰ ਕੌਂਸਲ ਸਮਰਾਲਾ, ਕੁਲਦੀਪ ਸਿੰਘ ਘਰਖਣਾਂ, ਨਰਿੰਦਰਪਾਲ ਸਿੰਘ ਬਾਜਵਾ, ਮੈਨੇਜਰ ਸ. ਬਲਕਾਰ ਸਿੰਘ ਜੌੜਾ ਅਤੇ ਰਾਜਿੰਦਰ ਸਿੰਘ ਤੂਰ ਆਦਿ ਵੀ ਵਿਸ਼ੇਸ ਤੌਰ ’ਤੇ ਹਾਜਰ ਸਨ। ਇਸ ਮੌਕੇ ਕੈਂਪ ਆਯੋਜਿਤ ਕਰ ਰਹੀ ਜਿਲਾ ਗੱਤਕਾ ਐਸੋਸੀਏਸ਼ਨ ਲੁਧਿਆਣਾ ਵੱਲੋਂ ਮੀਤ ਪ੍ਰਧਾਨ ਅਤੇ ਕੈਂਪ ਕੋਆਰਡੀਨੇਟਰ ਸ. ਬਲਜਿੰਦਰ ਸਿੰਘ ਤੂਰ ਨੇ ਆਏ ਮਹਿਮਾਨਾਂ ਦਾ ਧੰਨਵਾਦ ਕੀਤਾ।
ਮਾਛੀਵਾੜਾ ਵਿਖੇ ਆਯੋਜਿਤ ਰਾਸ਼ਟਰੀ ਗੱਤਕਾ ਰਿਫਰੈਸ਼ਰ ਕੋਰਸ ਦੇ ਸਮਾਮਤੀ ਸਮਾਰੋਹ ਮੌਕੇ ਸੰਤ ਸੁੱਧ ਸਿੰਘ ਟੂਸੇ ਵਾਲੇ ਸ਼੍ਰੋਮਣੀ ਕਮੇਟੀ ਮੈਂਬਰਾਂ ਅਤੇ ਗੱਤਕਾ ਫੈਡਰੇਸ਼ਨ ਦੇ ਆਗੂਆਂ ਨੂੰ ਸਨਮਾਨਿਤ ਕਰਦੇ ਹੋਏ।
Post a Comment