ਮੋਗਾ, 21 ਅਕਤੂਬਰ (ਸਵਰਨ ਗੁਲਾਟੀ) : ਜਿਲ੍ਹਾ ਪੁਲਿਸ ਵੱਲੋਂ ਡਿਊਟੀ ਦੌਰਾਨ ਸ਼ਹੀਦ ਹੋਏ ਪੁਲਿਸ ਅਫਸਰਾਂ ਅਤੇ ਜਵਾਨਾਂ ਦੀ ਯਾਦ ਵਿੱਚ ‘ਪੁਲਿਸ ਸਮ੍ਰਿਤੀ ਦਿਵਸ’ ਦਾ ਸਮਾਗਮ ਸਥਾਨਕ ਪੁਲਿਸ ਲਾਈਨ ਵਿਖੇ ਕਰਵਾਇਆ ਗਿਆ। ਇਸ ਸਮਾਗਮ ਦੀ ਪ੍ਰਧਾਨਗੀ ਜਿਲ੍ਹਾ ਪੁਲਿਸ ਮੁਖੀ ਸ. ਸੁਰਜੀਤ ਸਿੰਘ ਗਰੇਵਾਲ ਨੇ ਕੀਤੀ ਅਤੇ ਇਸ ਮੌਕੇ ’ਤੇ ਡਿਪਟੀ ਕਮਿਸ਼ਨਰ ਸ. ਅਰਸ਼ਦੀਪ ਸਿੰਘ ਥਿੰਦ, ਜਿਲ੍ਹਾ ਸ਼ੈਸ਼ਨ ਜੱਜ ਕਰਮਜੀਤ ਸਿੰਘ ਕੰਗ, ਸਾਬਕਾ ਡੀ. ਜੀ. ਪੀ. ਸ. ਪਰਮਦੀਪ ਸਿੰਘ ਗਿੱਲ, ਐਸ. ਪੀ. (ਐਚ). ਸੱਤਪਾਲ ਸਿੰਘ ਭੰਗੂ, ਐਸ. ਪੀ. (ਡੀ). ਬਲਵਿੰਦਰ ਸਿੰਘ ਦੇ ਇਲਾਵਾ ਵੱਡੀ ਗਿਣਤੀ ਵਿੱਚ ਪੁਲਿਸ ਦੇ ਅਧਿਕਾਰੀ ਅਤੇ ਕਰਮਚਾਰੀ ਹਾਜਰ ਸਨ। ਸਮਾਰੋਹ ਵਿੱਚ ਸ਼ਹੀਦ ਹੋਏ ਕਰਮਚਾਰੀਆਂ ਦੇ ਪਰਿਵਾਰਾਂ ਨੇ ਵੀ ਵੱਡੀ ਗਿਣਤੀ ਵਿੱਚ ਸ਼ਿਰਕਤ ਕੀਤੀ। ਪੁਲਿਸ ਵਿਭਾਗ ਦੇ ਅਧਿਕਾਰੀਆਂ ਅਤੇ ਸ਼ਹੀਦਾਂ ਦੇ ਪਰਿਵਾਰਿਕ ਮੈਂਬਰਾਂ ਵੱਲੋਂ ਸ਼ਹੀਦਾਂ ਦੀਆਂ ਤਸਵੀਰਾਂ ਅੱਗੇ ਫੁੱਲ ਮਲਾਵਾਂ ਭੇਂਟ ਕਰਕੇ ਸ਼ਰਧਾਂਜਲੀਆਂ ਅਰਪਿਤ ਕੀਤੀਆਂ ਗਈਆਂ ਅਤੇ ਪੁਲਿਸ ਪ੍ਰਸ਼ਾਸ਼ਨ ਵੱਲੋਂ ਸ਼ਹੀਦਾਂ ਦੇ ਵਾਰਿਸਾਂ ਨੂੰ ਗਰਮ ਕੰਬਲ ਦੇ ਕੇ ਸਨਮਾਨਿਤ ਵੀ ਕੀਤਾ ਗਿਆ। ਜਿਕਰਯੋਗ ਹੈ ਕਿ ਅੱਜ ਦੇ ਦਿਨ ਸਾਲ 1959 ਵਿੱਚ ਚੀਨੀ ਫੌਜੀਆਂ ਵੱਲੋਂ ਘਾਤ ਲਾ ਕੇ ਕੀਤੇ ਗਏ ਹਮਲੇ ਦੌਰਾਨ ਹੋਈ ਲੜਾਈ ਵਿੱਚ ਕਰੀਬ 600 ਜਵਾਨ ਸ਼ਹੀਦ ਹੋ ਗਏ ਸਨ। ਜਿਨ੍ਹਾਂ ਦੀ ਯਾਦ ਨੂੰ ਆਪਣੇ ਦਿਲਾਂ ਵਿੱਚ ਜਿੰਦਾ ਰੱਖਣ ਲਈ ਅੱਜ ਦਾ ਦਿਨ ਪੂਰੇ ਭਾਰਤ ਵਿੱਚ ਸ਼ਹੀਦਾਂ ਨੂੰ ਸ਼ਰਧਾਂਜਲੀ ਭੇਂਟ ਕਰਕੇ ਮਨਾਇਆ ਜਾਂਦਾ ਹੈ। ਇਸ ਜੰਗ ਵਿੱਚ ਸ਼ਹੀਦ ਹੋਣ ਵਾਲੇ 29 ਜਵਾਨ ਮੋਗਾ ਜਿਲ੍ਹੇ ਨਾਲ ਸਬੰਧਿਤ ਸਨ। ਐਸ. ਐਸ. ਪੀ. ਮੋਗਾ ਨੇ ਸ਼ਹੀਦਾਂ ਨੂੰ ਸ਼ਰਧਾਂਜਲੀ ਭੇਂਟ ਕਰਨ ਉਪਰੰਤ ਕਿਹਾ ਕਿ ਪੰਜਾਬ ਪੁਲਿਸ ਦਾ ਇਤਿਹਾਸ ਕੁਰਬਾਨੀਆਂ ਅਤੇ ਬਹਾਦਰੀ ਭਰੀਆਂ ਪ੍ਰਾਪਤੀਆਂ ਨਾਲ ਭਰਿਆ ਹੋਇਆ ਹੈ ਅਤੇ ਆਪਣੇ ਫਰਜਾਂ ਨੂੰ ਬੇਹੱਦ ਸੰਜੀਦਗੀ ਨਾਲ ਨਿਭਾਉਣ ਦੀ ਵਚਨਬੱਧਤਾ ਨੂੰ ਬਾਖੂਬੀ ਬਿਆਨ ਕਰਦਾ ਹੈ। ਉਨ੍ਹਾਂ ਕਿਹਾ ਕਿ ਅੱਜ ਅਸੀਂ ਉਨ੍ਹਾਂ ਸਾਰੇ ਬਹਾਦਰ ਯੋਧਿਆਂ ਨੂੰ ਨਮਸਕਾਰ ਕਰਦੇ ਹਾਂ, ਜਿਨ੍ਹਾਂ ਦੇਸ਼ ਦੀ ਏਕਤਾ ਅਤੇ ਆਖੰਡਤਾ ਦੀ ਖਾਤਿਰ ਆਪਣੇ ਪ੍ਰਾਣਾਂ ਦੀ ਆਹੂਤੀ ਦਿੱਤੀ। ਉਨ੍ਹਾਂ ਦੱਸਿਆ ਕਿ ਸ਼ਹੀਦਾਂ ਦੇ ਪਰਿਵਾਰਾਂ ਨੂੰ ਪੰਜਾਬ ਸਰਕਾਰ ਤੋਂ ਸਮੇਂ-ਸਮੇਂ ’ਤੇ ਹਰ ਸੰਭਵ ਸਹਾਇਤਾ ਦਿਵਾਈ ਜਾਵੇਗੀ। ਇਸ ਮੌਕੇ ’ਤੇ ਹੋਰਨਾਂ ਤੋਂ ਇਲਾਵਾ ਜਗਤਾਰ ਸਿੰਘ ਰਾਜੇਆਣਾ, ਐਸ. ਕੇ. ਬਾਂਸਲ, ਗੁਰਲਾਭ ਸਿੰਘ ਝੰਡੇਆਣਾ, ਕ੍ਰਿਸ਼ਨ ਸੂਦ, ਪ੍ਰਵੀਨ ਗਰਗ, ਅਮਰ ਸਿੰਘ ਐਡਵੋਕੇਟ ਆਦਿ ਹਾਜਰ ਸਨ।
ਸ਼ਹੀਦ ਪਰਿਵਾਰ ਨੂੰ ਸਨਮਾਨਿਤ ਕਰਦੇ ਹੋਏ ਐਸ.ਐਸ.ਪੀ ਮੋਗਾ ਸ੍ਰ ਸੁਰਜੀਤ ਸਿੰਘ ਗਰੇਵਾਲ ਫੋਟੋ ਗੁਲਾਟੀ
Post a Comment