ਮਾਨਸਾ, 26 ਅਕਤੂਬਰ : ਸਥਾਨਕ ਬਚੱਤ ਭਵਨ ਵਿਖੇ ਅੱਜ ਪਾਣੀ ਨਾਲ ਸਬੰਧਿਤ ਬਿਮਾਰੀਆਂ ਸਬੰਧੀ ਜ਼ਿਲ੍ਹਾ ਪੱਧਰੀ ਕੋਆਰਡੀਨੇਸ਼ਨ ਕਮੇਟੀ ਦੀ ਮੀਟਿੰਗ ਹੋਈ, ਜਿਸ ਵਿੱਚ ਜ਼ਿਲ੍ਹਾ ਮਾਲ ਅਫ਼ਸਰ ਸ਼੍ਰੀ ਰਾਜੇਸ਼ ਸ਼ਰਮਾ ਨੇ ਕਿਹਾ ਕਿ ਡੇਂਗੂ ਅਤੇ ਮਲੇਰੀਆ ਤੋਂ ਇਲਾਵਾ ਹੋਰ ਵੀ ਭਿਆਨਕ ਬਿਮਾਰੀਆਂ ਦੇ ਸਿਰ ਚੁੱਕਣ ਦਾ ਸੀਜ਼ਨ ਚੱਲ ਰਿਹਾ ਹੈ, ਜਿਨ੍ਹਾਂ ਨੂੰ ਰੋਕਣ ਲਈ ਸਿਹਤ ਵਿਭਾਗ ਤੋਂ ਇਲਾਵਾ ਬਾਕੀ ਵਿਭਾਗ ਵੀ ਇਕਜੁੱਟ ਹੋਣ। ਉਨ੍ਹਾਂ ਕਾਰਜ ਸਾਧਕ ਅਫ਼ਸਰ ਨੂੰ ਹਦਾਇਤ ਕੀਤੀ ਕਿ ਸ਼ਹਿਰ 'ਚ ਲਗਾਤਾਰ ਫੌਗਿੰਗ ਅਤੇ ਸਪਰੇਅ ਕੀਤੀ ਜਾਵੇ ਤਾਂ ਜੋ ਮੱਛਰਾਂ ਦੀ ਪੈਦਾਇਸ਼ ਨੂੰ ਰੋਕਿਆ ਜਾ ਸਕੇ।
ਸ਼੍ਰੀ ਸ਼ਰਮਾ ਨੇ ਕਿਹਾ ਕਿ ਮਲੇਰੀਆ ਤੇ ਡੇਂਗੂ ਦਾ ਮੱਛਰ ਸਾਫ਼ ਪਾਣੀ ਤੋਂ ਹੀ ਪੈਦਾ ਹੁੰਦਾ ਹੈ, ਖ਼ਾਸ ਕਰਕੇ ਡੇਂਗੂ ਦਾ ਮੱਛਰ ਘਰਾਂ ਵਿੱਚ ਕੂਲਰ, ਏ.ਸੀ., ਗਮਲੇ, ਓਵਰਹੈਡ ਟੈਂਕਜ਼, ਫਰਿਜ਼ਾਂ ਦੀਆਂ ਟਰੇਆਂ, ਛੱਤਾਂ 'ਤੇ ਪਏ ਪੁਰਾਣੇ ਟਾਇਰ, ਟੁੱਟੇ-ਫੁੱਟੇ ਖਾਲੀ ਡੱਬੇ, ਪੀਪੇ, ਘੜੇ ਅਤੇ ਖ਼ਾਲੀ ਫਰਿਜਾਂ ਦੀਆਂ ਬੋਤਲਾਂ ਇਸ ਦੀ ਪੈਦਾਇਸ਼ ਦਾ ਮੁੱਖ ਸੋਮਾ ਹਨ। ਉਨ੍ਹਾਂ ਹਦਾਇਤ ਕੀਤੀ ਕਿ ਟੀਮਾਂ ਬਣਾ ਕੇ ਲੋਕਾਂ ਨੂੰ ਆਪਣੇ-ਆਪ ਇਨ੍ਹਾਂ ਬਿਮਾਰੀਆਂ ਤੋਂ ਬਚਾਅ ਸਬੰਧੀ ਜਾਣਕਾਰੀ ਦਿੱਤੀ ਜਾਵੇ। ਉਨ੍ਹਾਂ ਕਿਹਾ ਕਿ ਲੋਕਾਂ ਨੂੰ ਜਾਗਰੂਕ ਕੀਤਾ ਜਾਵੇ ਕਿ ਉਹ ਹਫ਼ਤੇ ਵਿੱਚ ਇੱਕ ਵਾਰ ਆਪਣੇ ਕੂਲਰ, ਏ.ਸੀ., ਫਰਿਜਾਂ ਦੀਆਂ ਟਰੇਆਂ ਤੇ ਹੋਰ ਪਾਣੀ ਦੇ ਕਨਟੇਨਰ ਜ਼ਰੂਰ ਸਾਫ਼ ਕਰਨ। ਉਨ੍ਹਾਂ ਕਿਹਾ ਕਿ ਪੈਂਚਰ ਲਾਉਣ ਵਾਲੇ ਦੁਕਾਨਦਾਰਾਂ ਦੀ ਸ਼ਨਾਖ਼ਤ ਕਰਕੇ ਉਨ੍ਹਾਂ ਨੂੰ ਹਦਾਇਤ ਕੀਤੀ ਜਾਵੇ ਕਿ ਉਹ ਆਪਣੀਆਂ ਡਿੱਗੀਆਂ ਰੋਜ਼ਾਨਾ ਸਾਫ਼ ਕਰਨ ਅਤੇ ਪੁਰਾਣੇ ਟਾਇਰਾਂ ਨੂੰ ਛੱਤ ਹੇਠਾਂ ਹੀ ਰੱਖਿਆ ਜਾਵੇ। ਉਨ੍ਹਾਂ ਖਾਲੀ ਪਲਾਟਾਂ ਦੇ ਮਾਲਕਾਂ ਨੂੰ ਵੀ ਹਦਾਇਤ ਕੀਤੀ ਕਿ ਉਹ ਪਲਾਟ ਵਿੱਚ ਭਰਤ ਪਾ ਕੇ ਸੜਕ ਤੋਂ ਉਚਾ ਕਰਨ ਤਾਂ ਜੋ ਉਨ੍ਹਾਂ ਵਿੱਚ ਬਾਰਿਸ਼ਾਂ ਦਾ ਪਾਣੀ ਖੜ੍ਹਾ ਨਾ ਹੋ ਸਕੇ।
ਜ਼ਿਲ੍ਹਾ ਮਾਲ ਅਫ਼ਸਰ ਨੇ ਜ਼ਿਲ੍ਹਾ ਸਿੱਖਿਆ ਅਫ਼ਸਰ (ਸੈ) ਅਤੇ (ਐ) ਨੂੰ ਹਦਾਇਤ ਕੀਤੀ ਕਿ ਸਕੂਲਾਂ ਵਿੱਚ ਪ੍ਰਾਰਥਨਾ ਸਮੇਂ ਬੱਚਿਆਂ ਨੂੰ ਮੱਛਰਾਂ ਦੇ ਕੱਟਣ ਤੋਂ ਬਚਾਅ ਸਬੰਧੀ ਉਪਾਅ ਦੱਸੇ ਜਾਣ ਜਿਵੇਂ ਸੌਣ ਸਮੇਂ ਰਾਤ ਨੂੰ ਸਰੀਰ ਨੂੰ ਢੱਕ ਕੇ ਰੱਖਣਾ, ਮੱਛਰਦਾਨੀ ਅਤੇ ਮੱਛਰ ਭਜਾਊ ਕਰੀਮਾਂ ਆਦਿ ਦਾ ਪ੍ਰਯੋਗ ਕਰਨਾ, ਬੁਖ਼ਾਰ ਹੋਣ ਦੀ ਸੂਰਤ ਵਿੱਚ ਖੂਨ ਦੀ ਜਾਂਚ ਕਰਵਾਉਣਾ ਅਤੇ ਦਿਨ ਸਮੇਂ ਪੂਰੇ ਸਰੀਰ ਨੂੰ ਢੱਕਣ ਵਾਲੇ ਕੱਪੜੇ ਪਾਉਣਾ। ਉਨ੍ਹਾਂ ਕਿਹਾ ਕਿ ਸੈਕੰਡਰੀ ਕਲਾਸਾਂ ਦੇ ਬੱਚਿਆਂ ਨੂੰ ਪਾਣੀ ਦੇ ਟੋਇਆ ਨੂੰ ਪੂਰਨਾ, ਘਰਾਂ ਦੇ ਫਾਲਤੂ ਪਾਣੀ ਨੂੰ ਸਹੀ ਢੰਗ ਨਾਲ ਵਿਲੇ ਲਾਉਣਾ, ਟੁੱਟੇ-ਫੁੱਟੇ ਸਮਾਨ ਡੱਬੇ, ਟਾਇਰ ਅਤੇ ਘੜੇ ਆਦਿ ਹਟਾਉਣਾ ਅਤੇ ਹਫ਼ਤੇ ਵਿੱਚ ਇੱਕ ਵਾਰ ਡਰਾਈ ਡੇ ਰੱਖਕੇ ਕੂਲਰਾਂ ਆਦਿ ਦੀ ਸਫ਼ਾਈ ਕਰਨ ਸਬੰਧੀ ਜਾਣਕਾਰੀ ਦਿੱਤੀ ਜਾਵੇ।
ਉਨ੍ਹਾਂ ਵਾਟਰ ਸਪਲਾਈ ਤੇ ਸੀਵਰੇਜ ਬੋਰਡ ਨੂੰ ਹਦਾਇਤ ਕੀਤੀ ਕਿ ਸੀਵਰੇਜ਼ ਨੂੰ ਓਵਰਫਲੋ ਹੋਣ ਤੋਂ ਰੋਕਿਆ ਜਾਵੇ ਅਤੇ ਜੇ ਕਿੱਧਰੇ ਮੈਨ ਹੋਲ 'ਤੇ ਢੱਕਣ ਨਾ ਹੋਣ ਤਾਂ ਉਨ੍ਹਾਂ ਨੂੰ ਢੱਕਿਆ ਜਾਵੇ। ਉਨ੍ਹਾਂ ਪਬਲਿਕ ਹੈਲਥ ਵਿਭਾਗ ਨੂੰ ਵੀ ਹਦਾਇਤ ਕੀਤੀ ਕਿ ਸਰਕਾਰੀ ਕੁਆਰਟਰਾਂ ਅਤੇ ਕੋਠੀਆਂ ਵਿੱਚ ਬਣੀਆਂ ਪਾਣੀ ਦੀਆਂ ਓਵਰਹੈਡ ਟੈਂਕੀਆਂ ਨੂੰ ਹਰ ਹਫ਼ਤੇ ਸਾਫ਼ ਕਰਵਾਇਆ ਜਾਵੇ ਜਾਂ ਉਨ੍ਹਾਂ ਨੂੰ ਪੂਰੀ ਤਰ੍ਹਾਂ ਢੱਕ ਕੇ ਰੱਖਿਆ ਜਾਵੇ ਅਤੇ ਜਿੱਥੇ ਪਾਣੀ ਦੀਆਂ ਟੂਟੀਆਂ ਜਾਂ ਪਾਈਪਾਂ ਲੀਕ ਕਰਦੀਆਂ ਹੋਣ, ਉਨ੍ਹਾਂ ਨੂੰ ਪਹਿਲ ਦੇ ਅਧਾਰ 'ਤੇ ਠੀਕ ਕਰਵਾਇਆ ਜਾਵੇ।
ਉਨ੍ਹਾਂ ਪਿੰਡਾਂ ਦੇ ਸਰਪੰਚਾਂ ਨੂੰ ਅਪੀਲ ਕੀਤੀ ਕਿ ਉਹ ਵਰਤੋਂ ਵਿੱਚ ਨਾ ਆਉਣ ਵਾਲੇ ਛੱਪੜਾਂ ਅਤੇ ਪਾਣੀ ਦੇ ਟੋਇਆਂ ਨੂੰ ਹਰ ਹਫ਼ਤੇ ਇੱਕ ਵਾਰ ਮੱਚੇ ਹੋਏ ਕਾਲੇ ਤੇਲ ਨਾਲ ਜ਼ਰੂਰ ਟਰੀਟ ਕਰਨ। ਉਨ੍ਹਾਂ ਕਿਹਾ ਕਿ ਇਸ ਸਬੰਧੀ ਕੋਈ ਵੀ ਸਲਾਹ ਜਾਂ ਜਾਣਕਾਰੀ ਲੈਣ ਲਈ ਸਬੰਧਿਤ ਐਸ.ਐਮ.ਓ. ਨਾਲ ਸੰਪਰਕ ਕੀਤਾ ਜਾ ਸਕਦਾ ਹੈ। ਉਨ੍ਹਾਂ ਜ਼ਿਲ੍ਹੇ ਅੰਦਰ ਸਮੂਹ ਆਂਗਣਵਾੜੀ ਵਰਕਰਾਂ ਨੂੰ ਕਿਹਾ ਕਿ ਉਹ ਵਿਸ਼ੇ ਸਬੰਧੀ ਲੋਕਾਂ ਨੂੰ ਸਿਹਤ ਸਿੱਖਿਆ ਦੇਣ ਅਤੇ ਸਿਹਤ ਕਾਮਿਆਂ ਨਾਲ ਤਾਲਮੇਲ ਰੱਖਣ। ਇਸ ਮੌਕੇ ਜ਼ਿਲ੍ਹਾ ਸਿਹਤ ਅਫ਼ਸਰ ਡਾ. ਜਗਜੀਵਨ ਸਿੰਘ, ਜ਼ਿਲ੍ਹਾ ਐਪੀਡਿਮਾਲੋਜਿਸਟ ਸ਼੍ਰੀ ਸੰਤੋਸ਼ ਭਾਰਤੀ, ਐਸ.ਆਈ. ਸ਼੍ਰੀ ਰਾਮ ਕੁਮਾਰ, ਡਾ. ਸ਼ੇਰਜੰਗ ਸਿੰਘ ਸਿੱਧੂ, ਜ਼ਿਲ੍ਹਾ ਗਾਈਡੈਂਸ ਕੌਂਸਲਰ ਸ਼੍ਰੀ ਰਣਜੀਤ ਸਿੰਘ ਧਾਲੀਵਾਲ ਅਤੇ ਸ਼੍ਰੀ ਅਸ਼ੋਕ ਵਰਮਾ ਤੋਂ ਇਲਾਵਾ ਵੱਖ-ਵੱਖ ਵਿਭਾਗਾਂ ਦੇ ਅਧਿਕਾਰੀ ਅਤੇ ਮੁਲਾਜ਼ਮ ਹਾਜ਼ਰ ਸਨ।

Post a Comment