ਲੁਧਿਆਣਾ, 21 ਅਕਤੂਬਰ (ਸਤਪਾਲ ਸੋਨੀ ) ਸ੍ਰੀ ਈਸ਼ਵਰ ਸਿੰਘ ਪੁਲਿਸ ਕਮਿਸ਼ਨਰ, ਲੁਧਿਆਣਾ ਨੇ ਕਿਹਾ ਕਿ ਸ਼ਹੀਦ ਸਾਡੀ ਕੌਮ ਦਾ ਸਰਮਾਇਆ ਹਨ ਅਤੇ ਦੇਸ਼ ਦੀ ਏਕਤਾ ਅਤੇ ਅਖੰਡਤਾ ਨੂੰ ਕਾਇਮ ਰੱਖਣ ਵਾਲੇ ਪੁਲਿਸ ਜਵਾਨਾਂ ਅਤੇ ਅਧਿਕਾਰੀਆਂ ਦੀਆਂ ਸ਼ਹਾਦਤਾਂ ਨੂੰ ਕਦੇ ਭੁਲਾਇਆ ਨਹੀ ਜਾ ਸਕਦਾ ਅਤੇ ਉਹਨਾਂ ਨੂੰ ਸੱਚੀ ਸ਼ਰਧਾਂਜਲੀ ਇਹੀ ਹੋਵੇਗੀ ਕਿ ਅਸੀ ਸਾਰੇ ਇਕ ਮੁੱਠ ਹੋ ਕੇ ਦੇਸ਼ ਵਿਰੋਧੀ ਤਾਕਤਾਂ ਦਾ ਡੱਟ ਕੇ ਮੁਕਾਬਲਾ ਕਰੀਏ। ਸ੍ਰੀ ਈਸ਼ਵਰ ਸਿੰਘ ਅੱਜ ਪੁਲਿਸ ਲਾਈਨ ਵਿਖੇ ਆਯੋਜਿਤ ਸ਼ਹੀਦੀ ਯਾਦਗਾਰੀ ਦਿਵਸ ਦੇ ਮੌਕੇ ਤੇ 21 ਅਕਤੂਬਰ, 1959 ਨੂੰ ਹਾਟ ਸਪਰਿੰਗ (ਲਦਾਖ) ਵਿਖੇ ਚੀਨ ਦੀਆਂ ਫੌਜਾਂ ਵਲੋ ਭਾਰਤੀ ਪੁਲਿਸ ਦੇ ਜਵਾਨਾਂ ਤੇ ਕੀਤੇ ਹਮਲੇ ਵਿਚ ਹੋਏ ਸ਼ਹੀਦ ਜਵਾਨਾਂ ਅਤੇ 1 ਸਤੰਬਰ, 2011 ਤੋਂ ਲੈ ਕੇ 31 ਅਗਸਤ, 2012 ਤੱਕ ਦੇਸ਼ ਭਰ ਦੇ ਵੱਖ ਵੱਖ ਸੂਬਿਆਂ ਵਿਚ ਪੁਲਿਸ ਅਤੇ ਦੂਸਰੀਆਂ ਪੈਰਾ ਮਿਲਟਰੀ ਫੋਰਸਾਂ ਦੇ ਸਹੀਦ ਹੋਏ 566 ਜਵਾਨਾਂ ਅਤੇ ਅਧਿਕਾਰੀਆਂ ਨੂੰ ਸ਼ਰਧਾਂਜਲੀ ਭੇਟ ਕਰ ਰਹੇ ਸਨ। ਇਹਨਾਂ 566 ਜਵਾਨਾਂ ਅਤੇ ਅਧਿਕਾਰੀਆਂ ਵਿੱਚ ਪੰਜਾਬ ਦੇ 29 ਜਵਾਨ ਸ਼ਾਮਿਲ ਸਨ। ਇਸ ਮੌਕੇ ਤੇ ਪੁਲੀਸ ਦੀ ਟੁੱਕੜੀ ਵੱਲੋਂ ਸਹੀਦਾਂ ਨੂੰ ਗਾਰਡ ਆਫ ਆਨਰ ਦਿੱਤਾ ਗਿਆ ਅਤੇ 2 ਮਿੰਟ ਦਾ ਮੋਨ ਰੱਖ ਕੇ ਸ਼ਹੀਦਾਂ ਨੂੰ ਸ਼ਰਧਾਂਜਲੀ ਭੇਟ ਕੀਤੀ ਗਈ। ਸ੍ਰੀ ਸਵਪਨ ਸ਼ਰਮਾ ਆਈ.ਪੀ.ਐਸ ਅਧਿਕਾਰੀ ਨੇ ਦੇਸ਼ ਭਰ ਵਿਚ ਹੋੲੋ 566 ਸ਼ਹੀਦਾ ਦੇ ਨਾਮ ਪੜ੍ਹ ਕੇ ਉਹਨਾਂ ਨੂੰ ਯਾਦ ਕੀਤਾ। ਸ੍ਰੀ ਈਸ਼ਵਰ ਸਿੰਘ ਨੇ ਕਿਹਾ ਕਿ ਅੱਜ ਦਾ ਸ਼ਹੀਦੀ ਯਾਦਗਾਰੀ ਦਿਵਸ ਉਹਨਾਂ ਮਹਾਨ ਪੁਲਿਸ ਜਵਾਨਾਂ ਦੀ ਯਾਦ ਵਿਚ ਹਰ ਸਾਲ ਮਨਾਇਆ ਜਾਂਦਾ ਹੈ, ਜਿੰਨਾਂ ਨੇ 21 ਅਕਤੂਬਰ 1959 ਨੂੰ ਲਦਾਖ ਦੇ ਹਾਟ ਸਪਰਿੰਗ ਵਿਖੇ ਦੇਸ਼ ਦੀਆਂ ਸਰੱਹਦਾਂ ਦੀ ਰਾਖੀ ਕਰਦੇ ਹੋਏ ਸ਼ਹਾਦਤਾਂ ਦਿੱਤੀਆਂ। ਉਹਨਾਂ ਦੱਸਿਆ ਕਿ ਚੀਨ ਦੀ ਫੌਜ ਵਲੋ ਸਾਡੀ ਧਰਤੀ ਤੇ ਪੈਟਰੋਲਿੰਗ ਕਰ ਰਹੇ 20 ਜਵਾਨਾਂ ਤੇ ਅਚਾਨਕ ਹਮਲਾ ਕਰ ਦਿੱਤਾ ਗਿਆ ਸੀ, ਜਿੰਨਾਂ ਵਿਚੋ ਸ੍ਰੀ ਕਰਮ ਸਿੰਘ ਡੀ.ਐਸ.ਪੀ ਸਮੇਤ 10 ਜਵਾਨ ਸ਼ਹੀਦ ਹੋ ਗਏ ਸਨ ਅਤੇ ਬਾਕੀਆਂ ਨੂੰ ਬੰਦੀ ਬਣਾ ਲਿਆ ਗਿਆ ਸੀ।ਉਹਨਾ ਕਿਹਾ ਕਿ 21 ਅਕਤੂਬਰ, 1960 ਤੋ ਲਗਾਤਾਰ ਦੇਸ ਭਰ ਵਿਚ ਇਹਨਾਂ ਮਹਾਨ ਸ਼ਹੀਦਾਂ ਅਤੇ ਦੇਸ਼ ਦੀ ਏਕਤਾ ਅਤੇ ਅਖੰਡਤਾ ਦੀ ਖਾਤਿਰ ਦੇਸ਼ ਦੇ ਵੱਖ ਵੱਖ ਸੂਬਿਆਂ ਦੇ ਪੁਲਿਸ ਅਤੇ ਪੈਰਾ ਮਿਲਟਰੀ ਫੋਰਸਾਂ ਦੇ ਸ਼ਹੀਦ ਜਵਾਨਾਂ ਨੂੰ ਯਾਦ ਕਰਨ ਲਈ ਸ਼ਰਧਾਂਜਲੀ ਸਮਾਗਮ ਕੀਤੇ ਜਾਂਦੇ ਹਨ ਤਾਂ ਜੋ ਪੁਲਿਸ ਦੇ ਜਵਾਨ ਅਤੇ ਲੋਕ ਇਹਨਾਂ ਸ਼ਹੀਦਾਂ ਦੀਆ ਜੀਵਨੀਆਂ ਤੋ ਪ੍ਰੇਰਨਾਂ ਲੈ ਸਕਣ। ਪੁਲਿਸ ਕਮਿਸ਼ਨਰ ਨੇ ਕਿਹਾ ਕਿ ਦੇਸ਼ ਦੀ ਏਕਤਾ ਅਤੇ ਅਖੰਡਤਾ ਲਈ ਸਾਨੂੰ ਹਰ ਸਮੇ ਹਰ ਕੁਰਬਾਨੀ ਦੇਣ ਲਈ ਤਿਆਰ ਰਹਿਣਾ ਚਾਹੀਦਾ ਹੈ। ਉਹਨਾਂ ਕਿਹਾ ਕਿ ਦੇਸ਼ ਦੇ ਵੱਖ ਵੱਖ ਸੂਬਿਆਂ ਵਿਚ ਕੁਝ ਬਾਹਰੀ ਦੇਸ਼ ਵਿਰੋਧੀ ਤਾਕਤਾਂ ਦੇਸ਼ ਨੂੰ ਕਮੋਜਰ ਕਰਨ ਤੇ ਲੱਗੀਆਂ ਹੋਈਆਂ ਹਨ, ਪਰ ਸਾਡੇ ਬਹਾਦਰ ਜਵਾਨਾਂ ਅਤੇ ਲੋਕਾਂ ਦੇ ਭਰਪੂਰ ਸਹਿਯੋਗ ਕਾਰਣ ਇਹ ਤਾਕਤਾਂ ਕਦੇ ਵੀ ਆਪਣੇ ਮਨਸੂਬਿਆਂ ਵਿਚ ਕਾਮਯਾਬ ਨਹੀ ਹੋ ਸਕਦੀਆਂ। ਉਹਨਾ ਕਿਹਾ ਕਿ ਪੰਜਾਬ ਪੁਲਿਸ ਨੇ ਰਾਜ ਵਿਚੋ ਅੱਤਵਾਦ ਨੂੰ ਖਤਮ ਕਰਨ ਲਈ ਬੜੀ ਦਲੇਰੀ ਨਾਲ ਮੁਕਾਬਲਾ ਕੀਤਾ।ਉਹਨਾ ਕਿਹਾ ਕਿ ਅੱਤਵਾਦ ਦੌਰਾਨ ਲੁਧਿਆਣਾ ਪੁਲਿਸ ਦੇ 117 ਜਵਾਨ ਸ਼ਹੀਦ ਹੋਏ ਸਨ, ਜਿੰਨਾਂ ਵਿਚੋ 66 ਪਰਿਵਾਰ ਲੁਧਿਆਣਾ ਵਿਖੇ ਰਹਿ ਰਹੇ ਹਨ। ਉਹਨਾ ਕਿਹਾ ਕਿ ਜਿਲਾ ਪੁਲਿਸ ਹਮੇਸਾਂਉਹਨਾ ਦੇ ਨਾਲ ਖੜੀ ਹੈ। ਉਹਨਾ ਕਿਹਾ ਕਿ ਇਹਨਾਂ ਪਰਿਵਾਰਾਂ ਨੂੰ ਪੇਸ਼ ਆਉਦੀਆਂ ਮੁਸ਼ਕਲਾਂ ਦੂਰ ਕੀਤੀਆਂ ਜਾਂਦੀਆਂ ਹਨ। ਉਹਨਾ ਇਹਨਾਂ ਪਰਿਵਾਰਾਂ ਨੂੰ ਭਰੋਸਾ ਦਿੱਤਾ ਕਿ ਪੁਲਿਸ ਵਲੋ ਹਰ ਕਦਮ ਤੇ ਉਹਨਾਂ ਦੀ ਮਦਦ ਕੀਤੀ ਜਾਵੇਗੀ। ਇਸ ਉਪਰੰਤ ਸ੍ਰੀ ਗੋਬਿੰਦਰ ਸਿੰਘ ਜਿਲਾ ਤੇ ਸ਼ੈਸ਼ਨ ਜੱਜ, ਸ੍ਰੀ ਐਸ.ਭੁਪਤੀ ਡਿਪਟੀ ਕਮਿਸ਼ਨਰ ਪੁਲਿਸ, ਸ੍ਰੀ ਹਰਮੋਹਣ ਸਿੰਘ ਏ.ਡੀ.ਸੀ.ਪੀ ਕਰਾਈਮ ਸ਼ਪੈਸ਼ਲ ਬ੍ਰਾਂਚ, ਸ੍ਰੀ ਭੁਪਿੰਦਰ ਸਿੰਘ ਏ.ਡੀ.ਸੀ.ਪੀ-2, ਸ੍ਰੀ ਐਨ.ਕੇ.ਸ਼ਰਮਾ ਏ.ਡੀ.ਸੀ.ਪੀ-4,ਅਤੇ ਸ਼੍ਰੀ ਸੁਭਾਸ਼ ਗੁਪਤਾ ਜਿਲਾ ਲੋਕ ਸੰਪਰਕ ਅਫਸਰ ਤੋਂ ਇਲਾਵਾ ਸਾਰੇ ਸਹਾਇਕ ਪੁਲਿਸ ਕਮਿਸ਼ਨਰ, ਐਸ.ਐਚ.ਓਜ਼, ਜਵਾਨਾ ਅਤੇ ਹੋਰ ਪਤਵੰਤੇ ਸੱਜਣਾਂ ਨੇ ਪੁਲਿਸ ਲਾਈਨ ਵਿਚ ਬਣੇ ਸ਼ਹੀਦੀ ਸਮਾਰਕ ਤੇ ਫੁੱਲ ਮਲਾਵਾਂ ਭੇਟ ਕਰਕੇ ਸ਼ਰਧਾਂਜਲੀਆਂ ਭੇਟ ਕੀਤੀਆਂ।
Post a Comment