ਲੁਧਿਆਣਾ 26 ਅਕਤੂਬਰ: (ਸਤਪਾਲ ਸੋਨੀ) ਪੰਜਾਬ ਦੀਆਂ ਮੰਡੀਆਂ ਵਿੱਚ ਝੋਨੇ ਦੀ ਖਰੀਦ ਪ੍ਰਕਿਰਿਆ ਤੇ ਲਿਫ਼ਟਿੰਗ ਦਾ ਕੰਮ ਸੁਚਾਰੂ ਢੰਗ ਨਾਲ ਚੱਲ ਰਿਹਾ ਹੈ ਅਤੇ ਵਿਕੇ ਹੋਏ ਝੋਨੇ ਦੀ 98 ਫ਼ੀਸਦੀ ਅਦਾਇਗੀ ਕਿਸਾਨਾਂ ਨੂੰ ਕੀਤੀ ਜਾ ਚੁੱਕੀ ਹੈ। ਇਹ ਪ੍ਰਗਟਾਵਾ ਸ੍ਰੀ ਸੁਧੀਰ ਕੁਮਾਰ ਸਕੱਤਰ ਖੁਰਾਕ ਤੇ ਜਨਤਕ ਵੰਡ ਵਿਭਾਗ ਭਾਰਤ ਸਰਕਾਰ ਨੇ ਅੱਜ ਅਨਾਜ ਮੰਡੀ ਸਲੇਮ ਟਾਬਰੀ ਵਿਖੇ ਝੋਨੇ ਦੀ ਖਰੀਦ ਪ੍ਰਕਿਰਿਆ ਦਾ ਜ਼ਾਇਜ਼ਾ ਲੈਣ ਸਮੇਂ ਪੱਤਰਕਾਰਾਂ ਨਾਲ ਗੱਲਬਾਤ ਕਰਦਿਆਂ ਕੀਤਾ। ਸ੍ਰੀ ਸੁਧੀਰ ਕੁਮਾਰ ਨੇ ਦੱਸਿਆ ਕਿ ਝੋਨੇ ਦੇ ਇਸ ਸੀਜ਼ਨ ਦੌਰਾਨ 130 ਲੱਖ ਟਨ ਝੋਨਾ ਖਰੀਦਣ ਦਾ ਟੀਚਾ ਹੈ ਅਤੇ ਹੁਣ ਤੱਕ ਮੰਡੀਆਂ ਵਿੱਚ 66 ਲੱਖ ਟਨ ਝੋਨੇ ਦੀ ਖਰੀਦ ਕੀਤੀ ਜਾ ਚੁੱਕੀ ਹੈ, ਜਿਸ ਵਿੱਚੋਂ 61 ਲੱਖ ਟਨ ਸਰਕਾਰੀ ਖਰੀਦ ਏਜ਼ੰਸੀਆਂ ਤੇ 5 ਲੱਖ ਟਨ ਝੋਨਾ ਵਪਾਰੀਆਂ ਵੱਲੋਂ ਖਰੀਦਿਆਂ ਗਿਆ ਹੈ।ਉਹਨਾਂ ਕਿਹਾ ਕਿ ਮੰਡੀਆਂ ਵਿੱਚ ਕਿਸਾਨਾਂ ਨੂੰ ਆਪਣਾ ਝੋਨਾ ਵੇਚਣ ਵਿੱਚ ਕੋਈ ਮੁਸ਼ਕਲ ਨਹੀਂ ਆ ਰਹੀ। ਉਹਨਾਂ ਕਿਹਾ ਕਿ ਖਰੀਦ ਕੀਤੇ ਗਏ ਝੋਨੇ ਦੀ 72 ਘੰਟਿਆਂ ਵਿੱਚ 85 ਫੀਸਦੀ ਲਿਫਟਿੰਗ ਕੀਤੀ ਜਾ ਰਹੀ ਹੈ ਅਤੇ ਕਿਸਾਨਾਂ ਨੂੰ 48 ਘੰਟਿਆਂ ਦੇ ਅੰਦਰ ਅਦਾਇਗੀ ਕਰਨ ਨੂੰ ਵੀ ਯਕੀਨੀ ਬਣਾਇਆ ਜਾ ਰਿਹਾ ਹੈ।ਉਹਨਾਂ ਕਿਹਾ ਕਿ ਇਸ ਵਾਰ ਝੋਨੇ ਦੀ ਫਸਲ ਦੀ ਸਥਿਤੀ ਪਿਛਲੇ ਸਾਲ ਨਾਲੋ ਕਾਫੀ ਵਧੀਆ ਹੈ ਅਤੇ ਰਾਜ ਦੇ ਮਿਹਨਤੀ ਕਿਸਾਨਾਂ ਦੀ ਝੋਨੇ ਦੀ ਫਸਲ ਦੀ ਖਰੀਦ ਅਤੀ ਮਹੱਤਤਾ ਰੱਖਦੀ ਹੈ। ਪੱਤਰਕਾਰਾਂ ਵੱਲੋਂ ਝੋਨੇ ਦੀ ਸਟੋਰਜ਼ ਸਬੰਧੀ ਪੁੱਛੇ ਗਏ ਸਵਾਲ ਦਾ ਜਵਾਬ ਦਿੰਦਿਆਂ ਸ੍ਰੀ ਸੁਧੀਰ ਕੁਮਾਰ ਨੇ ਕਿਹਾ ਕਿ ਸਰਕਾਰ ਵੱਲੋਂ ਝੋਨੇ ਦੀ ਫਸਲ ਨੂੰ ਭੰਡਾਰ ਕਰਨ ਦੀ ਸੁਚਾਰੂ ਵਿਵਸਥਾ ਕੀਤੀ ਗਈ ਹੈ ਅਤੇ ਕਣਕ ਦੇ ਭੰਡਾਰਨ ਦੀ ਤਰ•ਾਂ ਝੋਨੇ ਦੀ ਫਸਲ ਨੂੰ ਵੀ ਸਟੋਰ ਕਰਨ ਲਈ ਵਿਆਪਕ ਪ੍ਰਬੰਧ ਕੀਤੇ ਗਏ ਹਨ। ਇਸ ਤੋਂ ਪਹਿਲਾ ਸ੍ਰੀ ਸੁਧੀਰ ਕੁਮਾਰ ਨੇ ਅਨਾਜ਼ ਮੰਡੀ ਸਾਹਨੇਵਾਲ ਦਾ ਵੀ ਦੌਰਾ ਕੀਤਾ ਅਤੇ ਝੋਨੇ ਦੇ ਖਰੀਦ ਪ੍ਰਬੰਧਾਂ ਦਾ ਜ਼ਾਇਜ਼ਾ ਲਿਆ। ਉਹਨਾਂ ਵੱਖ-ਵੱਖ ਖਰੀਦ ਏਜੰਸੀਆਂ ਨੂੰ ਝੋਨੇ ਦੀ ਖਰੀਦ ਪ੍ਰਕਿਰਿਆ ਵਿੱਚ ਹੋਰ ਤੇਜ਼ੀ ਲਿਆਉਣ ਲਈ ਕਿਹਾ। ਇਸ ਮੌਕੇ ਤੇ ਹੋਰਨਾਂ ਤੋਂ ਇਲਾਵਾ ਖੁਰਾਕ ਸਪਲਾਈ ਵਿਭਾਗ ਦੇ ਸਕੱਤਰ ਸ੍ਰੀ ਡੀ.ਐਸ.ਗਰੇਵਾਲ, ਕਮਿਸ਼ਨਰ ਸ੍ਰੀ ਸਤਵੰਤ ਸਿੰਘ ਜੌਹਲ, ਡਿਪਟੀ ਕਮਿਸ਼ਨਰ ਲੁਧਿਆਣਾ ਸ੍ਰੀ ਰਾਹੁਲ ਤਿਵਾੜੀ, ਚੇਅਰਮੈਨ ਮਾਰਕੀਟ ਕਮੇਟੀ ਲੁਧਿਆਣਾ ਸ੍ਰੀ ਇੰਦਰਮੋਹਨ ਸਿੰਘ ਕਾਦੀਆਂ, ਸ੍ਰੀ ਮਹਿੰਦਰ ਸਿੰਘ ਕੈਥ, ਜਿਲਾ ਮੰਡੀ ਅਫਸਰ ਸ੍ਰੀ ਰਾਜਪਾਲ ਸਿੰਘ ਧਾਲੀਵਾਲ, ਮੈਡਮ ਰਜ਼ਨੀਸ਼ ਕੁਮਾਰੀ ਜਿਲਾ ਖੁਰਾਕ ਤੇ ਸਪਲਾਈ ਕੰਟਰੋਲਰ, ਸ੍ਰੀ ਬਲਵਿੰਦਰ ਸਿੰਘ ਪ੍ਰਿਥੀਪੁਰ ਅਤੇ ਵੱਖ-ਵੱਖ ਖਰੀਦ ਏਜੰਸੀਆਂ ਦੇ ਨੁਮਾਇੰਦੇ ਤੇ ਵਪਾਰੀ ਆਦਿ ਹਾਜ਼ਰ ਸਨ।

Post a Comment